For the best experience, open
https://m.punjabitribuneonline.com
on your mobile browser.
Advertisement

ਅਡਾਨੀ ਗਰੁੱਪ ਖ਼ਿਲਾਫ਼ ਦੋਸ਼ਾਂ ਦੀ ਸਹੀ ਜਾਂਚ ਹੋਈ: ਸੇਬੀ

07:07 AM Aug 12, 2024 IST
ਅਡਾਨੀ ਗਰੁੱਪ ਖ਼ਿਲਾਫ਼ ਦੋਸ਼ਾਂ ਦੀ ਸਹੀ ਜਾਂਚ ਹੋਈ  ਸੇਬੀ
Advertisement

ਮੁੰਬਈ, 11 ਅਗਸਤ
ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੇ ਨਵੇਂ ਖ਼ੁਲਾਸਿਆਂ ਮਗਰੋਂ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਅਡਾਨੀ ਗਰੁੱਪ ਖ਼ਿਲਾਫ਼ ਸਾਰੇ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਹੈ। ਉਧਰ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਆਪਣੇ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ।
ਆਪਣੇ ਦੋ ਪੰਨਿਆਂ ਦੇ ਬਿਆਨ ’ਚ ਸੇਬੀ ਨੇ ਚੇਅਰਪਰਸਨ ਮਾਧਵੀ ਬੁਚ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਨੇ ਸਮੇਂ-ਸਮੇਂ ’ਤੇ ਸਬੰਧਤ ਜਾਣਕਾਰੀ ਦਿੱਤੀ ਅਤੇ ਸੰਭਾਵਿਤ ਹਿੱਤਾਂ ਦੇ ਟਕਰਾਅ ਨਾਲ ਜੁੜੇ ਮਾਮਲਿਆਂ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਅਡਾਨੀ ਗਰੁੱਪ ਖ਼ਿਲਾਫ਼ ਸੇਬੀ ਦੀਆਂ 26 ਜਾਂਚਾਂ ’ਚੋਂ ਆਖਰੀ ਜਾਂਚ ਵੀ ਪੂਰੀ ਹੋਣ ਵਾਲੀ ਹੈ। ਉਂਜ ਸੇਬੀ ਨੇ ਕਿਹਾ ਕਿ ਨੀਤੀਗਤ ਮਾਮਲਾ ਹੋਣ ਕਰਕੇ ਉਹ ਜਾਂਚ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਪਣੀ ਜਾਂਚ ਤਹਿਤ ਜਾਣਕਾਰੀ ਮੰਗਣ ਲਈ 100 ਤੋਂ ਵਧ ਸੰਮਨ, ਕਰੀਬ 1100 ਪੱਤਰ ਅਤੇ ਈਮੇਲ ਜਾਰੀ ਕੀਤੇ ਹਨ। ਕਰੀਬ 12 ਹਜ਼ਾਰ ਪੰਨਿਆਂ ਵਾਲੇ 300 ਤੋਂ ਵਧ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ। ਸੇਬੀ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ ਰਿਪੋਰਟਾਂ ਦੇ ਬਹਿਕਾਵੇ ’ਚ ਨਾ ਆਉਣ ਅਤੇ ਸ਼ਾਂਤ ਤੇ ਚੌਕਸ ਰਹਿ ਕੇ ਕੰਮ ਕਰਨ। ਹਿੰਡਨਬਰਗ ਰਿਸਰਚ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸ਼ੱਕ ਹੈ ਕਿ ਅਡਾਨੀ ਗਰੁੱਪ ਖ਼ਿਲਾਫ਼ ਕਾਰਵਾਈ ਕਰਨ ’ਚ ਸੇਬੀ ਦੀ ਇੱਛਾ ਨਾ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਬੁਚ ਦੀ ਅਡਾਨੀ ਗਰੁੱਪ ਨਾਲ ਜੁੜੇ ਵਿਦੇਸ਼ੀ ਫੰਡਾਂ ’ਚ ਹਿੱਸੇਦਾਰੀ ਸੀ। ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਸੀ ਕਿ ਸੇਬੀ ਮੁਖੀ (ਮਾਧਵੀ ਪੁਰੀ ਬੁਚ) ਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਔਫਸ਼ੋਰ ਐਂਟਿਟੀਜ਼ ਵਿਚ ਕਥਿਤ 8.7 ਲੱਖ ਡਾਲਰ ਦੀ ਹਿੱਸੇਦਾਰੀ ਸੀ, ਜਿਸ ਕਰਕੇ ਮਾਰਕੀਟ ਰੈਗੂਲੇਟਰ ਵੱਲੋਂ 18 ਮਹੀਨਿਆਂ ਬਾਅਦ ਵੀ ਅਡਾਨੀ ਸਮੂਹ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੰਪਤੀ ਪ੍ਰਬੰਧਨ ਨਾਲ ਜੁੜੀ ਕੰਪਨੀ 360ਵੰਨ (ਪਹਿਲਾਂ ਕੰਪਨੀ ਦਾ ਨਾਮ ਆਈਆਈਐੱਫਐੱਲ ਵੈਲਥ ਮੈਨੇਜਮੈਂਟ ਸੀ) ਨੇ ਕਿਹਾ ਕਿ ਮਾਧਵੀ ਅਤੇ ਉਸ ਦੇ ਪਤੀ ਧਵਲ ਬੁਚ ਦਾ ਆਈਪੀਈ-ਪਲੱਸ ਫੰਡ 1 ’ਚ ਨਿਵੇਸ਼ ਡੇਢ ਫ਼ੀਸਦੀ ਤੋਂ ਵੀ ਘੱਟ ਸੀ ਅਤੇ ਉਨ੍ਹਾਂ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਕੋਈ ਨਿਵੇਸ਼ ਨਹੀਂ ਕੀਤਾ ਸੀ। ਕੰਪਨੀ ਮੁਤਾਬਕ ਇਹ ਨਿਵੇਸ਼ 2015 ’ਚ ਕੀਤਾ ਗਿਆ ਸੀ ਜਦਕਿ ਮਾਧਵੀ 2017 ’ਚ ਸੇਬੀ ਦੀ ਮੈਂਬਰ ਨਿਯੁਕਤ ਹੋਈ ਅਤੇ ਮਾਰਚ 2022 ’ਚ ਉਹ ਚੇਅਰਪਰਸਨ ਬਣੀ ਸੀ। ਬਿਆਨ ਮੁਤਾਬਕ ਦੋ ਨਿਵੇਸ਼ ਧਵਲ ਦੇ ਬਚਪਨ ਦੇ ਦੋਸਤ ਅਨਿਲ ਆਹੂਜਾ ਦੀ ਸਲਾਹ ’ਤੇ ਕੀਤੇ ਗਏ ਸਨ ਅਤੇ ਇਸ ਵਿਅਕਤੀ ਦਾ ਹਿੰਡਨਬਰਗ ਨੇ ਆਪਣੀ ਰਿਪੋਰਟ ’ਚ ਖ਼ੁਲਾਸਾ ਕੀਤਾ ਜਿਸ ਦੀ ਪਛਾਣ ਮੌਰੀਸ਼ਸ਼ ਆਧਾਰਿਤ ਆਈਪੀਈ ਪਲੱਸ ਫੰਡ ਦੇ ਬਾਨੀ ਅਤੇ ਮੁੱਖ ਨਿਵੇਸ਼ ਅਧਿਕਾਰੀ ਵਜੋਂ ਹੋਈ ਹੈ। ਅਡਾਨੀ ਗਰੁੱਪ ਨੇ ਵੀ ਇਕ ਬਿਆਨ ’ਚ ਕਿਹਾ ਹੈ ਕਿ ਆਹੂਜਾ ਅਡਾਨੀ ਪਾਵਰ (2007-2008) ’ਚ 3ਆਈ ਇਨਵੈਸਟਮੈਂਟ ਫੰਡ ਦਾ ਨੌਮਿਨੀ ਰਿਹਾ ਸੀ ਅਤੇ ਉਸ ਨੇ ਤਿੰਨ ਟਰਮਾਂ ’ਚ 2017 ਤੱਕ ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਸਨ। ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਸਾਂਝੇ ਬਿਆਨ ’ਚ ਕਿਹਾ, ‘‘ਸਾਡਾ ਜੀਵਨ ਅਤੇ ਵਿੱਤੀ ਅਸਾਸੇ ਖੁੱਲ੍ਹੀ ਕਿਤਾਬ ਵਾਂਗ ਹਨ, ਜਿਸ ਵਿਚ ਕੁਝ ਵੀ ਲੁਕਾਉਣ ਵਾਲਾ ਨਹੀਂ ਹੈ। ਇਹ ਬਹੁਤ ਮੰਦਭਾਗਾ ਹੈ ਕਿ ਹਿੰਡਨਬਰਗ ਰਿਸਰਚ, ਜਿਸ ਖਿਲਾਫ਼ ਸੇਬੀ ਨੇ ਕਾਰਵਾਈ ਕੀਤੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਵੱਲੋਂ ਬਦਲੇ ਦੀ ਭਾਵਨਾ ਵਜੋਂ ਸਾਡੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਜਦੋਂ ਆਮ ਨਾਗਰਿਕ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਵਿੱਤੀ ਦਸਤਾਵੇਜ਼ ਦੇਣ ਲਈ ਵੀ ਤਿਆਰ ਹਾਂ।’’ ਉਂਜ ਬਿਆਨ ’ਚ ਹਿੰਡਨਬਰਗ ਵੱਲੋਂ ਸੇਬੀ ਜਾਂਚ ਬਾਰੇ ਚੁੱਕੇ ਗਏ ਸਵਾਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।

ਖੱਬੇ-ਪੱਖੀ ਪਾਰਟੀਆਂ ਨੇ ਵੀ ਜੇਪੀਸੀ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ

ਨਵੀਂ ਦਿੱਲੀ: ਖੱਬੇ-ਪੱਖੀ ਪਾਰਟੀਆਂ ਨੇ ਹਿੰਡਨਬਰਗ ਰਿਸਰਚ ਵੱਲੋਂ ਸੇਬੀ ਚੇਅਰਪਰਸਨ ਮਾਧਵੀ ਬੁਚ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਕੀਤੀ ਹੈ। ਸੀਪੀਐੱਮ ਨੇ ਇਕ ਬਿਆਨ ’ਚ ਕਿਹਾ ਕਿ ਹਿੰਡਨਬਰਗ ਨੇ ਰਿਪੋਰਟ ’ਚ ਕੁਝ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਬੁਚ ਅਤੇ ਉਨ੍ਹਾਂ ਦੇ ਪਤੀ ਦੇ ਅਡਾਨੀ ਗਰੁੱਪ ਨਾਲ ਸਬੰਧਤ ਵਿਦੇਸ਼ੀ ਫੰਡਾਂ ’ਚ ਹਿੱਸੇਦਾਰੀ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ‘ਐਕਸ’ ’ਤੇ ਕਿਹਾ ਕਿ ਗੰਭੀਰ ਦੋਸ਼ ਲੱਗਣ ਮਗਰੋਂ ਸੇਬੀ ਦੀ ਚੇਅਰਪਰਸਨ ਨੂੰ ਜਾਂਚ ਮੁਕੰਮਲ ਹੋਣ ਤੱਕ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਅਤੇ ਇਸ ਦੀ ਜਾਂਚ ਜੇਪੀਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਸੀਪੀਐੱਮ ਆਗੂ ਹਨਨ ਮੌਲਾ ਨੇ ਕਿਹਾ ਕਿ ਇਹ ਪੁਰਾਣੀ ਕਹਾਣੀ ਹੈ ਅਤੇ ਦੋਸ਼ ਲਾਇਆ ਕਿ ਸੇਬੀ ਨੇ ਪਹਿਲਾਂ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਸੀ। ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਜੇਪੀਸੀ ਬਣਾਈ ਜਾਵੇ ਜਾਂ ਨਹੀਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਸ ਮੁੱਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ ਹੈ। ਰਾਜਾ ਨੇ ਕਿਹਾ ਕਿ ਹਿੰਡਨਬਰਗ ਦੇ ਖ਼ੁਲਾਸੇ ਨੇ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਕਿਵੇਂ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਕੀਤੀ ਜਾ ਰਹੀ ਹੈ। ਸੀਪੀਆਈ (ਐੱਮ-ਐੱਲ) ਲਿਬਰੇਸ਼ਨ ਜਨਰਲ ਸਕੱਤਰ ਦੀਪਾਂਕਰ ਭੱਟਾਚਾਰਿਆ ਨੇ ਵੀ ਜੇਪੀਸੀ ਜਾਂਚ ਦੀ ਮੰਗ ਕੀਤੀ ਹੈ। ਰਾਸ਼ਟਰੀ ਜਨਤਾ ਦਲ ਆਗੂ ਮਨੋਜ ਝਾਅ ਨੇ ਕਿਹਾ ਕਿ ਇਥੋਂ ਪਤਾ ਲੱਗਦਾ ਹੈ ਕਿ ਮੁਲਕ ਦਾ ਵਿੱਤੀ ਪ੍ਰਬੰਧ ਕਿਵੇਂ ਅਗ਼ਵਾ ਕਰ ਲਿਆ ਗਿਆ ਹੈ। ਉਨ੍ਹਾਂ ਜੇਪੀਸੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਸਿਰਾ ਹੈ ਅਤੇ ਇਸ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿੱਤੀ ਪ੍ਰਬੰਧਨ ਬਾਰੇ ਸ਼ਿਕਾਇਤਾਂ ਲਈ ਲੋਕ ਸੇਬੀ ਕੋਲ ਜਾਂਦੇ ਹਨ ਪਰ ਹੁਣ ਸੇਬੀ ਹੀ ਦਾਗ਼ਦਾਰ ਹੋ ਗਈ ਹੈ। -ਪੀਟੀਆਈ

Advertisement

ਸੇਬੀ ਮੁਖੀ ਖ਼ਿਲਾਫ਼ ਲਾਏ ਦੋਸ਼ਾਂ ਦਾ ਸੁਪਰੀਮ ਕੋਰਟ ਨੋਟਿਸ ਲਵੇ: ‘ਆਪ’

ਨਵੀਂ ਦਿੱਲੀ: ‘ਆਪ’ ਨੇ ਮੰਗ ਕੀਤੀ ਹੈ ਕਿ ਹਿੰਡਨਬਰਗ ਵੱਲੋਂ ਸੇਬੀ ਮੁਖੀ ਮਾਧਵ ਪੁਰੀ ਬੁਚ ਖ਼ਿਲਾਫ਼ ਲਾਏ ਗਏ ਦੋਸ਼ਾਂ ਦਾ ਸੁਪਰੀਮ ਕੋਰਟ ਨੋਟਿਸ ਲਵੇ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੇਬੀ ਨੇ ਸੁਪਰੀਮ ਕੋਰਟ ਦੀ ਕਮੇਟੀ ਨੂੰ ਦੱਸਿਆ ਸੀ ਕਿ ਅਡਾਨੀ ਗਰੁੱਪ ਖ਼ਿਲਾਫ਼ ਜਾਂਚ ‘ਸੇਧਹੀਣ’ ਹੈ। ਸੰਜੇ ਸਿੰਘ ਨੇ ਕਿਹਾ, ‘‘ਸੇਬੀ ਮੁਖੀ ਅਤੇ ਉਨ੍ਹਾਂ ਦੇ ਪਤੀ ਦਾ ਪੈਸਾ ਫ਼ਰਜ਼ੀ ਕੰਪਨੀਆਂ ’ਚ ਨਿਵੇਸ਼ਿਤ ਹੈ। ਇਹ ਤੱਥ ਸੁਪਰੀਮ ਕੋਰਟ ਕੋਲੋਂ ਕਿਉਂ ਲੁਕੋਏ ਗਏ? ਸੁਪਰੀਮ ਕੋਰਟ ਨੂੰ ਇਸ ਨਵੇਂ ਘਟਨਾਕ੍ਰਮ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਤੱਥ ਕਿਵੇਂ ਲੁਕੋਏ ਗਏ।’’ -ਪੀਟੀਆਈ

ਸੇਬੀ ਦੇ ਵੱਕਾਰ ’ਤੇ ਖੜ੍ਹੇ ਹੋਏ ਸਵਾਲ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੇਅਰਪਰਸਨ ਖ਼ਿਲਾਫ਼ ਲੱਗੇ ਦੋਸ਼ਾਂ ਕਾਰਨ ਸੇਬੀ ਦੇ ਵੱਕਾਰ ’ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਕਾਂਗਰਸ ਨੇ ਅਡਾਨੀ ਘੁਟਾਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਕਾਂਗਰਸ ਆਗੂ ਨੇ ਸਵਾਲ ਕੀਤਾ ਕਿ ਕੀ ਸੁਪਰੀਮ ਕੋਰਟ ਇਸ ਮਾਮਲੇ ’ਚ ਖੁਦ ਹੀ ਨੋਟਿਸ ਲਵੇਗਾ। ਰਾਹੁਲ ਨੇ ‘ਐਕਸ’ ’ਤੇ ਕਿਹਾ ਕਿ ਛੋਟੇ ਪਰਚੂਨ ਨਿਵੇਸ਼ਕਾਂ ਦੀ ਸੰਪਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਸੇਬੀ ਦੀ ਇਮਾਨਦਾਰੀ ਉਸ ਦੀ ਚੇਅਰਪਰਸਨ ਖ਼ਿਲਾਫ਼ ਲੱਗੇ ਦੋਸ਼ਾਂ ਨਾਲ ਗੰਭੀਰ ਤੌਰ ’ਤੇ ਪ੍ਰਭਾਵਿਤ ਹੋਈ ਹੈ। ਕਾਂਗਰਸ ਆਗੂ ਨੇ ਕਿਹਾ, ‘‘ਦੇਸ਼ ਭਰ ਦੇ ਇਮਾਨਦਾਰ ਨਿਵੇਸ਼ਕਾਂ ਦੇ ਮਨ ’ਚ ਸਰਕਾਰ ਲਈ ਕਈ ਸਵਾਲ ਹਨ ਕਿ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਨੇ ਅਜੇ ਤੱਕ ਅਸਤੀਫ਼ਾ ਕਿਉਂ ਨਹੀਂ ਦਿੱਤਾ ਹੈ। ਜੇ ਨਿਵੇਸ਼ਕਾਂ ਦੀ ਗਾੜ੍ਹੀ ਕਮਾਈ ਡੁੱਬ ਜਾਂਦੀ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੇਬੀ ਚੇਅਰਪਰਸਨ ਜਾਂ ਗੌਤਮ ਅਡਾਨੀ।’’ ਕਾਂਗਰਸ ਨੇ ਹਿੰਡਨਬਰਗ ਰਿਸਰਚ ਦੇ ਨਵੇਂ ਦਾਅਵਿਆਂ ਮਗਰੋੋਂ ‘ਅਡਾਨੀ ਘੁਟਾਲੇ’ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਮੰਗ ਦੁਹਰਾਈ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਸੇਬੀ ਚੇਅਰਮੈਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਸਰਕਾਰ ਨੂੰ ਕਿਹਾ ਕਿ ਸੇਬੀ ਦੀ ਅਡਾਨੀ ਗਰੁੱਪ ਖ਼ਿਲਾਫ਼ ਜਾਂਚ ਦੌਰਾਨ ਸਾਰੇ ਹਿੱਤਾਂ ਦੇ ਟਕਰਾਅ ਵਾਲੇ ਖ਼ਦਸ਼ਿਆਂ ਨੂੰ ਫੌਰੀ ਦੂਰ ਕੀਤਾ ਜਾਵੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੇਬੀ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਸਾਥੀ ਅਡਾਨੀ ਨੂੰ ਸੁਪਰੀਮ ਕੋਰਟ ’ਚ ਕਲੀਨ ਚਿੱਟ ਦੇ ਦਿੱਤੀ ਸੀ ਜਦਕਿ ਹੁਣ ਸੇਬੀ ਮੁਖੀ ਨੂੰ ਲੈ ਕੇ ਨਵੇਂ ਦੋਸ਼ ਸਾਹਮਣੇ ਆ ਗਏ ਹਨ। ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰ ’ਚ ਆਪਣੀ ਖੂਨ-ਪਸੀਨੇ ਦੀ ਕਮਾਈ ਲਾਉਣ ਵਾਲੇ ਮੱਧ ਵਰਗ ਦੇ ਛੋਟੇ ਅਤੇ ਦਰਮਿਆਨੇ ਨਿਵੇਸ਼ਕਾਂ ਦੀ ਰਾਖੀ ਕਰਨ ਦੀ ਲੋੜ ਹੈ ਕਿਉਂਕਿ ਉਹ ਸੇਬੀ ’ਚ ਯਕੀਨ ਰਖਦੇ ਹਨ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਇਸ ਵੱਡੇ ਘੁਟਾਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ‘ਜੇ ਜੇਪੀਸੀ ਤੋਂ ਜਾਂਚ ਨਾ ਕਰਵਾਈ ਗਈ ਤਾਂ ਇਹ ਖ਼ਦਸ਼ੇ ਰਹਿਣਗੇ ਕਿ ਪ੍ਰਧਾਨ ਮੰਤਰੀ ਮੋਦੀ ਸੰਵਿਧਾਨਕ ਅਦਾਰਿਆਂ ਨਾਲ ਸਮਝੌਤਾ ਕਰਕੇ ਆਪਣੇ ਭਾਈਵਾਲਾਂ ਨੂੰ ਬਚਾਉਣਾ ਜਾਰੀ ਰਖਣਗੇ।’ ਕਾਂਗਰਸ ਨੇ ਟਵਿੱਟਰ ’ਤੇ ਸੇਬੀ ਖ਼ਾਤਾ ਲੌਕ ਕਰਨ ’ਤੇ ਵੀ ਸਵਾਲ ਖੜ੍ਹੇ ਕੀਤੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਖ਼ਾਤਾ ਰੋਕੇ ਜਾਣ ਨਾਲ ਖ਼ਦਸ਼ਾ ਹੈ ਕਿ ਉਥੇ ਪਏ ਪੁਰਾਣੇ ਬਿਆਨਾਂ ਨੂੰ ਚੁੱਪ-ਚੁਪੀਤੇ ਹਟਾਇਆ ਜਾ ਰਿਹਾ ਹੈ। ਇਕ ਹੋਰ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਸੇਬੀ ਮੁਖੀ ਅਤੇ ਅਡਾਨੀ ਗਰੁੱਪ ਵਿਚਕਾਰ ਨਿੱਘੇ ਸਬੰਧਾਂ ਦੇ ਖ਼ੁਲਾਸੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਨਿਗਰਾਨ ਅਦਾਰਿਆਂ ’ਚ ਕਿਵੇਂ ਨਿਯੁਕਤੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜੇਪੀਸੀ ਬਣਾ ਕੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਜਵਾਬ ਦੇਣਾ ਪਵੇਗਾ। ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਬੁਚ ਨੂੰ ਸਵਾਲ ਦਾਗ਼ਦਿਆਂ ਕਿਹਾ ਕਿ ਜਦੋਂ ਉਹ ਸੇਬੀ ਦੀ ਪੂਰੇ ਸਮੇਂ ਲਈ ਡਾਇਰੈਕਟਰ ਸੀ ਤਾਂ ਕੀ ਉਸ ਦੀ ਅਗੋਰਾ ਪਾਰਟਨਰਜ਼ ਸਿੰਗਾਪੁਰ ਜਾਂ ਭਾਰਤ ਸਥਿਤ ਕੰਪਨੀ ’ਚ ਕੋਈ ਹਿੱਸੇਦਾਰੀ ਸੀ ਜਾਂ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਕੀ ਬੁਚ ਨੇ ਹਿੱਸੇਦਾਰੀ ਦਾ ਖ਼ੁਲਾਸਾ ਅਤੇ ਆਮਦਨ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ। ਸ੍ਰੀਨੇਤ ਨੇ ਕਿਹਾ ਕਿ ਕੀ ਉਨ੍ਹਾਂ ਸੁਪਰੀਮ ਕੋਰਟ ਜਾਂ ਅਦਾਲਤ ਵੱਲੋਂ ਬਣਾਈ ਗਈ ਕਮੇਟੀ ਅੱਗੇ ਆਪਣੀ ਜਾਂ ਪਤੀ ਦੇ ਨਿਵੇਸ਼ ਬਾਰੇ ਕੋਈ ਜਾਣਕਾਰੀ ਦਿੱਤੀ ਸੀ ਜਾਂ ਨਹੀਂ। -ਪੀਟੀਆਈ

ਵਿੱਤੀ ਅਸਥਿਰਤਾ ਪੈਦਾ ਕਰਨ ਦੀ ਸਾਜ਼ਿਸ਼ ’ਚ ਵਿਰੋਧੀ ਧਿਰ ਵੀ ਸ਼ਾਮਲ: ਭਾਜਪਾ

ਨਵੀਂ ਦਿੱਲੀ: ਹਿੰਡਨਬਰਗ ਵੱਲੋਂ ਸੇਬੀ ਚੇਅਰਪਰਸਨ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਹੁਕਮਰਾਨ ਧਿਰ ਭਾਜਪਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਦੋਸ਼ ਲਾਇਆ ਹੈ ਕਿ ਉਹ ਦੇਸ਼ ’ਚ ਵਿੱਤੀ ਅਸਥਿਰਤਾ ਅਤੇ ਬਦਅਮਨੀ ਪੈਦਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹਨ। ਭਾਜਪਾ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਹਿੰਡਨਬਰਗ ਰਿਸਰਚ ਦੀ ਭਾਰਤੀ ਜਾਂਚ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਜਾਣਦੇ ਸਨ ਕਿ ਸੰਸਦ ਦੇ ਇਜਲਾਸ ਦੌਰਾਨ ਅਜਿਹੀ ਰਿਪੋਰਟ ਆਉਣ ਵਾਲੀ ਹੈ। ਜ਼ਿਕਰਯੋਗ ਹੈ ਕਿ ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਨੂੰ ਖ਼ਤਮ ਹੋਣਾ ਸੀ ਪਰ ਇਸ ਨੂੰ ਸ਼ੁੱਕਰਵਾਰ ਨੂੰ ਹੀ ਉਠਾ ਦਿੱਤਾ ਗਿਆ ਸੀ। ਇਕ ਹੋਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸ਼ਾਰਟ ਸੈੱਲਰ ਕੰਪਨੀ ਨੇ ਕਾਂਗਰਸ ਨਾਲ ਗੰਢ-ਤੁੱਪ ਕਰਕੇ ਸੇਬੀ ’ਤੇ ਹਮਲਾ ਕੀਤਾ ਹੈ। -ਪੀਟੀਆਈ

ਦੋਸ਼ ਬਦਨੀਅਤੀ ਅਤੇ ਜਨਤਕ ਜਾਣਕਾਰੀ ਨਾਲ ਛੇੜਖਾਨੀ ਕਰਨ ਵਾਲੇ: ਅਡਾਨੀ ਗਰੁੱਪ

ਅਡਾਨੀ ਗਰੁੱਪ ਨੇ ਅਮਰੀਕੀ ਰਿਸਰਚ ਤੇ ਨਿਵੇਸ਼ ਕੰਪਨੀ ਹਿੰਡਨਬਰਗ ਵੱਲੋਂ ਲਾਏ ਗਏ ਨਵੇਂ ਦੋਸ਼ਾਂ ਨੂੰ ਬਦਨੀਅਤੀ ਵਾਲੇ ਤੇ ਚੋਣਵੀਂ ਜਨਤਕ ਜਾਣਕਾਰੀ ਨਾਲ ਛੇੜਛਾੜ ਕਰਨ ਵਾਲੀ ਦੱਸਦਿਆਂ ਕਿਹਾ ਕਿ ਇਸ ਦਾ ਸੇਬੀ ਦੀ ਚੇਅਰਪਰਸਨ ਜਾਂ ਉਨ੍ਹਾਂ ਦੇ ਪਤੀ ਨਾਲ ਕੋਈ ਕਾਰੋਬਾਰੀ ਸਬੰੰਧ ਨਹੀਂ ਹੈ। ਅਡਾਨੀ ਗਰੁੱਪ ਨੇ ਕਿਹਾ, ‘‘ਹਿੰਡਨਬਰਗ ਵੱਲੋਂ ਲਾਏ ਗਏ ਨਵੇਂ ਦੋਸ਼ ਜਨਤਕ ਤੌਰ ’ਤੇ ਉਪਲੱਬਧ ਜਾਣਕਾਰੀ ਦੀ ਬਦਨੀਅਤੀ, ਸ਼ਰਾਰਤੀ ਤੇ ਛੇੜਛਾੜ ਕਰਨ ਵਾਲੀ ਚੋਣ ਹੈ। ਅਜਿਹਾ ਤੱਥਾਂ ਤੇ ਕਾਨੂੰਨ ਦੀ ਉਲੰਘਣਾ ਕਰਦਿਆਂ ਨਿੱਜੀ ਮੁਨਾਫਾਖੋਰੀ ਲਈ ਪਹਿਲਾਂ ਤੋਂ ਨਿਰਧਾਰਿਤ ਸਿੱਟਿਆਂ ’ਤੇ ਪਹੁੰਚਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਅਸੀਂ ਅਡਾਨੀ ਸਮੂਹ ਖਿਲਾਫ਼ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾ ਖਾਰਜ ਕਰਦੇ ਹਾਂ। ਇਹ ਉਨ੍ਹਾਂ ਖਾਰਜ ਕੀਤੇ ਜਾ ਰਹੇ ਦਾਅਵਿਆਂ ਦਾ ਦੁਹਰਾਅ ਹੈ, ਜਿਸ ਦੀ ਮੁਕੰਮਲ ਜਾਂਚ ਕੀਤੀ ਗਈ ਹੈ, ਜੋ ਬੇਬੁਨਿਆਦ ਸਾਬਤ ਹੋਏ ਤੇ ਜਨਵਰੀ 2024 ਵਿਚ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਖਾਰਜ ਕੀਤੇ ਜਾ ਹੁੱਕੇ ਹਨ।’’

Advertisement
Author Image

sukhwinder singh

View all posts

Advertisement
×