For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਦਾ ਦੋਸ਼

11:45 AM Apr 14, 2024 IST
ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਦਾ ਦੋਸ਼
ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਅਤੇ ਹੋਰ ਪੀਰ ਮੁਛੱਲਾ ਖੇਤਰ ’ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਫੜੀ ਗੱਡੀ ਦੇ ਨਾਲ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 13 ਅਪਰੈਲ
ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਸ਼ਹਿ ’ਤੇ ਹਲਕੇ ਵਿੱਚ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਅੱਜ ਪੀਰ ਮੁਛੱਲਾ ਖੇਤਰ ਵਿੱਚ ਛਾਪਾ ਮਾਰ ਕੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਨਾਜਾਇਜ਼ ਮਾਈਨਿੰਗ ਹੋਣ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਸੂਚਨਾ ’ਤੇ ਪੀਰਮੁਛੱਲਾ ਖੇਤਰ ਵਿੱਚ ਛਾਪਾ ਮਾਰਿਆ ਸੀ, ਜਿੱਥੇ ਵੱਡੇ ਪੱਧਰ ’ਤੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਸੂਚਨਾ ਮਿਲਣ ’ਤੇ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਪੌਕਲੇਨ ਦੀ ਮਦਦ ਨਾਲ ਦਰਜਨਾਂ ਟਿੱਪਰਾਂ ਵਿੱਚ ਮਿੱਟੀ ਦੀ ਚੋਰੀ ਕੀਤੀ ਜਾ ਰਹੀ ਸੀ, ਜੋ ਉਨ੍ਹਾਂ ਨੂੰ ਦੇਖ ਕੇ ਭੱਜ ਗਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਕ ਟਿੱਪਰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦਾ ਡਰਾਈਵਰ ਉਸ ਨੂੰ ਛੱਡ ਕੇ ਭੱਜ ਗਿਆ। ਉਨ੍ਹਾਂ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦੇ ਦੱਸਿਆ ਕਿ ਮੌਕੇ ’ਤੇ ਕਈ ਥਾਵਾਂ ਤੋਂ ਮਿੱਟੀ ਚੁੱਕੀ ਗਈ ਹੈ, ਜਿੱਥੇ ਡੂੰਘੇ ਟੋਏ ਪਏ ਹੋਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਰੋਜ਼ਾਨਾ ਰਾਤ ਨੂੰ ਇੱਥੇ ਨਾਜਾਇਜ਼ ਮਾਈਨਿੰਗ ਦਾ ਖੇਡ ਚਲਦਾ ਹੈ। ਸਾਰੀ ਰਾਤ ਪੌਕਲੇਨ ਮਸ਼ੀਨਾਂ ਰਾਹੀਂ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਤੜਕੇ ਹੁੰਦੇ ਹੀ ਇਹ ਮਸ਼ੀਨਾਂ ਚਲੇ ਜਾਂਦੀਆਂ ਹਨ ਅਤੇ ਰਾਤ ਨੂੰ ਇਨ੍ਹਾਂ ਵੱਲੋਂ ਖੋਦੀ ਗਈ ਮਿੱਟੀ ਨੂੰ ਸਾਰਾ ਦਿਨ ਟਰੱਕਾਂ, ਟਿੱਪਰਾਂ ਅਤੇ ਟਰਾਲੀਆਂ ਰਾਹੀਂ ਢੋਆ ਢੁਆਈ ਕੀਤੀ ਜਾਂਦੀ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਸਾਰਾ ਖੇਡ, ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਚਲ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ਹੇਠ ਸੱਤਾ ਵਿੱਚ ਆਈ ਸਰਕਾਰ ਦੀ ਸਰਪ੍ਰਸਤੀ ਹੇਠ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਬਦਲਾਅ ਸਿਰਫ ਮਾਈਨਿੰਗ ਵਾਲੀਆਂ ਗੱਡੀਆਂ ਦਾ ਹੋਇਆ ਹੈ। ਪਹਿਲਾਂ ਇਹ ਗੱਡੀਆਂ ਕਾਂਗਰਸ ਦੀ ਸਰਪ੍ਰਸਤੀ ਹੇਠ ਚੱਲਦੀਆਂ ਸਨ ਅਤੇ ਹੁਣ ਇਹ ਗੱਡੀਆਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੀ ਦੇਖ-ਰੇਖ ਹੇਠ ਨਾਜਾਇਜ਼ ਮਾਈਨਿੰਗ ਕਰ ਰਹੀ ਹਨ।

Advertisement

ਸ਼੍ਰੋਮਣੀ ਅਕਾਲੀ ਦੀ ਮਾੜੀ ਹਾਲਤ ਦੇਖ ਕੇ ਸ਼ਰਮਾ ਬੁਖਲਾਹਟ ’ਚ: ਰੰਧਾਵਾ

ਗੱਲ ਕਰਨ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਮਾੜੀ ਹਾਲਤ ਦੇਖ ਕੇ ਐੱਨਕੇ ਸ਼ਰਮਾ ਬੌਖਲਾ ਗਏ ਹਨ ਜਿਸ ਕਾਰਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਕਿਸੇ ਵੀ ਥਾਂ ’ਤੇ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ।

Advertisement
Author Image

sukhwinder singh

View all posts

Advertisement
Advertisement
×