ਹਾਲੇ ਵੀ ਅੱਲੇ ਨੇ ਚੁਰਾਸੀ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ
ਗੁਰਿੰਦਰ ਸਿੰਘ
ਲੁਧਿਆਣਾ, 1 ਨਵੰਬਰ
ਚਾਲੀ ਵਰ੍ਹੇ ਪਹਿਲਾਂ ਨਵੰਬਰ ਚੁਰਾਸੀ ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਸਿੱਖ ਕਤਲੇਆਮ ਦੀਆਂ ਵਾਪਰੀਆਂ ਦਹਿਸ਼ਤ ਭਰੀਆਂ ਘਟਨਾਵਾਂ ਦੇ ਕਾਲੇ ਪਰਛਾਵੇਂ ਅੱਜ ਵੀ ਹਜ਼ਾਰਾਂ ਪੀੜਤ ਪਰਿਵਾਰਾਂ ਦੇ ਚਿਹਰਿਆਂ ’ਤੇ ਸਪੱਸ਼ਟ ਵੇਖੇ ਜਾ ਸਕਦੇ ਹਨ।
ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅਤੇ ਖ਼ਾਸ ਕਰਕੇ ਦੁੱਗਰੀ ਸਥਿਤ ਸੀਆਰਪੀ ਕਲੋਨੀ ਵਿੱਚ ਰਹਿ ਰਹੇ ਸੈਂਕੜੇ ਪੀੜਤ ਪਰਿਵਾਰਾਂ ਦੇ ਅੱਲ੍ਹੇ ਜ਼ਖਮ ਨਵੰਬਰ ਚੜ੍ਹਦਿਆਂ ਹੀ ਹਰੇ ਹੋ ਜਾਂਦੇ ਹਨ। ਪੀੜਤ ਪਰਿਵਾਰ ਅੱਜ ਤੱਕ ਇਨਸਾਫ਼ ਨਾ ਮਿਲ ਸਕਣ ਕਰਕੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਤੋਂ ਖਫ਼ਾ ਵੀ ਹਨ। ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਪੀੜਤ ਪਰਿਵਾਰਾਂ ਦੇ ਲਾਲ ਕਾਰਡ ਵੀ ਰੱਦ ਕੀਤੇ ਗਏ ਹਨ, ਜਿਸ ਕਰਕੇ ਇਨ੍ਹਾਂ ਪਰਿਵਾਰਾਂ ਵਿੱਚ ਸਰਕਾਰਾਂ ਪ੍ਰਤੀ ਭਾਰੀ ਗੁੱਸਾ ਅਤੇ ਰੋਸ ਹੈ।
ਇਸ ਪੱਤਰਕਾਰ ਨੇ ਸੀਆਰਪੀ ਕਲੋਨੀ ਦੁੱਗਰੀ ਦਾ ਦੌਰਾ ਕਰਕੇ ਕਈ ਪੀੜਤਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਪਰਿਵਾਰਾਂ ਨੇ ਇਨਸਾਫ਼ ਨਾ ਮਿਲਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਰੋਸ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ਼ ਤੇ ਮੁੜ ਵਸੇਬੇ ਦੀ ਆਸ ਵਿੱਚ ਇੱਕ ਪੀੜ੍ਹੀ ਖ਼ਤਮ ਹੋ ਗਈ ਹੈ ਤੇ ਦੂਜੀ ਪੀੜ੍ਹੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਹਨ ਪਰ ਇਸ ਦਰਦਨਾਕ ਹਾਦਸੇ ਦੇ ਮੁੱਖ ਦੋਸ਼ੀ ਹਾਲੇ ਵੀ ਬਾਹਰ ਘੁੰਮ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਕੁੱਝ ਰਾਹਤ ਦਿੱਤੀ ਹੈ ਪਰ ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਹੇਠ ਕਤਲੇਆਮ ਦੇ ਦੋਸ਼ੀਆਂ ਦਾ ਖੁੱਲ੍ਹੇਆਮ ਘੁੰਮਣਾ ਉਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਕਾਰਵਾਈ ਹੈ।
ਰਿਹਾਇਸ਼ ਦੇ ਹੱਕ ਸਬੰਧੀ ਪਟੀਸ਼ਨ ਦੀ ਸੁਣਵਾਈ 5 ਨੂੰ
ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਦੇ ਕੇ ਸਾਰੇ ਪੀੜਤਾਂ ਨੂੰ ਘਰ ਬਣਾ ਕੇ ਦੇਣ ਲਈ ਕਿਹਾ ਗਿਆ ਹੈ, ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਗਰੋਂ ਸੁਸਾਇਟੀ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਗਮ 3 ਨਵੰਬਰ ਨੂੰ ਗੁਰਦੁਆਰਾ ਗੁਰੂ ਸਿੰਘ ਸਭਾ ਸੀਆਰਪੀ ਕਲੋਨੀ ਵਿੱਚ ਕਰਵਾਇਆ ਜਾ ਰਿਹਾ ਹੈ।