Allahabad HC rape case remarks: ਜਬਰ-ਜਨਾਹ ਮਾਮਲਾ: ਅਲਾਹਾਬਾਦ ਹਾਈ ਕੋਰਟ ਦੀਆਂ ਟਿੱਪਣੀਆਂ ’ਤੇ ਸੁਪਰੀਮ ਕੋਰਟ ਸਖ਼ਤ
ਨਵੀਂ ਦਿੱਲੀ, 15 ਅਪਰੈਲ
Why make such observations? SC: ਸੁਪਰੀਮ ਕੋਰਟ ਨੇ ਜਬਰ-ਜਨਾਹ ਦੇ ਇਕ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਦਾ ਸਖਤ ਨੋਟਿਸ ਲਿਆ ਹੈ। ਸਿਖਰਲੀ ਅਦਾਲਤ ਨੇ 20 ਦਿਨਾਂ ਵਿੱਚ ਦੂਜੀ ਵਾਰ ਅਲਾਹਾਬਾਦ ਹਾਈ ਕੋਰਟ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੇਸ ਵਿੱਚ ਵਿਵਾਦਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜੱਜਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਹਾਈ ਕੋਰਟ ਨੇ ਹਾਲ ਹੀ ਵਿੱਚ ਜਬਰ-ਜਨਾਹ ਦੇ ਇਕ ਕੇਸ ਵਿੱਚ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਪੀੜਤ ਲੜਕੀ ਨੇ ਖੁਦ ਮੁਸੀਬਤ ਸਹੇੜੀ ਹੈ ਤੇ ਇਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ।
ਸਰਬਉੱਚ ਅਦਾਲਤ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਉਹ ਅਲਾਹਾਬਾਦ ਹਾਈ ਕੋਰਟ ਦੇ 17 ਮਾਰਚ ਦੇ ਵੱਖਰੇ ਹੁਕਮ ’ਤੇ ਖ਼ੁਦ ਲਏ ਨੋਟਿਸ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ।
ਦਰਅਸਲ, ਸੁਪਰੀਮ ਕੋਰਟ ਇਕ ਹੋਰ ਮਾਮਲੇ ਵਿੱਚ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਅਲਾਹਾਬਾਦ ਹਾਈ ਕੋਰਟ ਨੇ 19 ਮਾਰਚ ਨੂੰ ਕਿਹਾ ਸੀ ਕਿ ਔਰਤ ਦੀ ਪਜਾਮੀ ਦਾ ਨਾੜਾ ਖਿੱਚਣਾ ਜਬਰ-ਜਨਾਹ ਦੀ ਕੋਸ਼ਿਸ਼ ਨਹੀਂ ਮੰਨੀ ਜਾ ਸਕਦੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਔਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ, ‘‘ਇਸੇ ਤਰ੍ਹਾਂ ਦਾ ਇਕ ਆਦੇਸ਼ ਇਸੇ ਹਾਈ ਕੋਰਟ ਦੇ ਇਕ ਹੋਰ ਜੱਜ ਵੱਲੋਂ ਪਾਸ ਕੀਤਾ ਗਿਆ ਹੈ।’’ ਬੈਂਚ ਨੇ ਖ਼ੁਦ ਨੋਟਿਸ ਲਏ ਮਾਮਲੇ ਦੀ ਸੁਣਵਾਈ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ