ਇਸਮਾਈਲਾਬਾਦ ਕਤਲ ਮਾਮਲੇ ’ਚ ਤਿੰਨੋਂ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਕਤੂਬਰ
ਜ਼ਿਲ੍ਹਾ ਪੁਲੀਸ ਦੀ ਕ੍ਰਾਈਮ ਬਰਾਂਚ-1 ਦੀ ਟੀਮ ਨੇ ਕਤਲ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਦਲਬੀਰ ਸਿੰਘ ਵਾਸੀ ਅਹਿਰੂ ਖੁਰਦ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮਾਮਲੇ ਵਿੱਚ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਬੁਲਾਰੇ ਅਨੁਸਾਰ 20 ਅਕਤੂਬਰ ਨੂੰ ਥਾਣਾ ਇਸਮਾਈਲਾਬਾਦ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਲਸ਼ੇਰ ਸਿੰਘ ਵਾਸੀ ਸੌਂਟੀ ਜ਼ਿਲ੍ਹਾ ਅੰਬਾਲਾ ਨੇ ਦੱਸਿਆ ਸੀ ਕਿ ਉਹ ਅਨਾਜ ਮੰਡੀ ਇਸਮਾਈਲਾਬਾਦ ਵਿਚ ਹਰਮਿਲਾਪ ਦੀ ਦੁਕਾਨ ’ਤੇ ਮੁਨੀਮ ਹੈ। 19 ਅਕਤੂਬਰ ਸ਼ਾਮ ਨੂੰ ਉਹ ਕਾਰ ਵਿਚ ਆਪਣੇ ਘਰ ਜਾ ਰਿਹਾ ਸੀ, ਜਦ ਉਹ ਸੁੱਖਾ ਸਿੰਘ ਦੀ ਚਾਹ ਦੀ ਦੁਕਾਨ ਕੋਲ ਪੁੱਜਾ ਤਾਂ ਬੁਲੇਟ ਸਵਾਰ ਦੋ ਲੜਕੇ ਆਏ। ਉਨ੍ਹਾਂ ਨੇ ਆਪਣੇ ਮੂੰਹ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ’ਚ ਇਕ ਲੜਕੇ ਨੇ ਹਰਮਿਲਾਪ ’ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਮੰਡੀ ’ਚ ਮੌਜੂਦ ਲੋਕਾਂ ਨੇ ਉਸ ਨੂੰ ਐਮਐਮ ਹਸਪਤਾਲ ਅੰਬਾਲਾ ਪਹੁੰਚਾਇਆ ਤੇ ਉਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਇਸ ਮਗਰੋਂ ਆਲਕੈਮਿਸਟ ਪੰਚਕੂਲਾ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲੀਸ ਟੀਮ ਨੇ ਮੁਲਜ਼ਮ ਗੁਰਮਾਨ ਸਿੰਘ ਵਾਸੀ ਅਹਿਰੂ ਖੁਰਦ ਜ਼ਿਲ੍ਹਾ ਪਟਿਆਲਾ ਤੇ ਪਰਵੀਰ ਸਿੰਘ ਉਰਫ ਪੀਰੂ ਵਾਸੀ ਟੁੰਡਲੀ ਜ਼ਿਲ੍ਹਾ ਅੰਬਾਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦਾ 6 ਰੋਜ਼ਾ ਪੁਲੀਸ ਰਿਮਾਂਡ ਲਿਆ ਸੀ। ਮਾਮਲੇ ਵਿਚ ਇਕ ਹੋਰ ਮੁਲਜ਼ਮ ਦਲਬੀਰ ਸਿੰਘ ਵਾਸੀ ਅਹਿਰੂ ਖੁਰਦ ਜ਼ਿਲ੍ਹਾ ਪਟਿਆਲਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਰਿਮਾਂਡ ਦੌਰਾਨ ਗੁਰਨਾਮ ਸਿੰਘ ਤੇ ਪਰਵੀਰ ਸਿੰਘ ਤੋਂ ਵਾਰਦਾਤ ਵਿਚ ਵਰਤੀ ਪਿਸਤੌਲ, 2 ਕਾਰਕੂਤ ਤੇ ਇਕ ਮੈਗਜ਼ੀਨ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।