ਪੰਜਾਬ ’ਚ ਬਿਜਲੀ ਦੀ ਮੰਗ ਘਟਣ ’ਤੇ ਥਰਮਲ ਪਲਾਂਟ ਰੂਪਨਗਰ ਅਤੇ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਬੰਦ ਕੀਤੇ
ਜਗਮੋਹਨ ਸਿੰਘ
ਘਨੌਲੀ, 8 ਜੁਲਾਈ
ਪੰਜਾਬ ਅੰਦਰ ਲਗਾਤਾਰ ਹੋ ਰਹੀ ਬਾਰਸ਼ ਉਪਰੰਤ ਤਾਪਮਾਨ ਵਿੱਚ ਗਿਰਾਵਟ ਆਉਣ ਅਤੇ ਝੋਨੇ ਦੀ ਲੁਆਈ ਲਈ ਮੋਟਰਾਂ ਚਲਾਉਣ ਦੀ ਜ਼ਰੂਰਤ ਨਾ ਰਹਿਣ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਘਟਣ ਲੱਗੀ ਹੈ। ਬਿਜਲੀ ਦੀ ਖਪਤ ਕਾਫੀ ਜ਼ਿਆਦਾ ਘਟਣ ਉਪਰੰਤ ਅੱਜ ਪਾਵਰਕਾਮ ਵੱਲੋਂ ਜਿੱਥੇ ਸੂਬੇ ਦੇ ਦੋਵੇਂ ਸਰਕਾਰੀ ਥਰਮਲ ਪਲਾਂਟਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਮੁੱਚੇ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ, ਉੱਥੇ ਹੀ ਕੁਦਰਤੀ ਪਾਣੀ ਨਾਲ ਸਸਤੀ ਬਿਜਲੀ ਪੈਦਾ ਕਰਨ ਲਈ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ। ਬਿਜਲੀ ਦੀ ਨੋ-ਡਿਮਾਂਡ ਕਾਰਨ ਥਰਮਲ ਪਲਾਂਟ ਰੂਪਨਗਰ ਦ ਯੂਨਿਟ ਨੰਬਰ 4 ਦਾ ਬਿਜਲੀ ਉਤਪਾਦਨ ਅੱਜ ਸਵੇਰੇ 11.30 ਵਜੇ ਅਤੇ ਯੂਨਿਟ ਨੰਬਰ 3 ਦਾ ਬਿਜਲੀ ਉਤਪਾਦਨ ਬਾਅਦ ਦੁਪਹਿਰ 2 ਵਜੇ ਬੰਦ ਕਰ ਦਿੱਤਾ ਗਿਆ। ਸੂਬੇ ਦੇ ਸਾਰੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟਾਂ ਨੂੰ ਵੀ ਅੱਜ ਘੱਟ ਲੋਡ ’ਤੇ ਚਲਾਇਆ ਜਾ ਰਿਹਾ ਹੀ। ਅੱਜ ਰਣਜੀਤ ਸਾਗਰ ਡੈਮ ਪਣ ਬਿਜਲੀ ਘਰ ਦੇ ਯੂਨਿਟਾਂ ਦੁਆਰਾ 245 ਮੈਗਾਵਾਟ, ਮੁਕੇਰੀਆ ਹਾਈਡਲ ਪ੍ਰਾਜੈਕਟ ਦੁਆਰਾ 205 ਮੈਗਾਵਾਟ, ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ 1 ਦੁਆਰਾ 57 ਮੈਗਾਵਾਟ ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ 2 ਦੁਆਰਾ 58 ਮੈਗਾਵਾਟ , ਸ਼ਾਨਨ ਪਣ ਬਿਜਲੀ ਘਰ ਦੁਆਰਾ 105 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।