For the best experience, open
https://m.punjabitribuneonline.com
on your mobile browser.
Advertisement

ਸਭ ਝਗੜਾ ਅੰਦਰ ਦਾ, ਨਾ ਮਸਜਿਦ ਦਾ, ਨਾ ਮੰਦਿਰ ਦਾ...

06:59 AM Jan 20, 2024 IST
ਸਭ ਝਗੜਾ ਅੰਦਰ ਦਾ  ਨਾ ਮਸਜਿਦ ਦਾ  ਨਾ ਮੰਦਿਰ ਦਾ
Advertisement

ਅਸ਼ੋਕ ਬਾਂਸਲ ਮਾਨਸਾ

Advertisement

ਚਰਨ ਸਿੰਘ ਸਫ਼ਰੀ
‘ਸਫ਼ਰੀ’ ਚਰਨ ਸਿੰਘ ਦਾ ਤਖ਼ੱਲਸ ਹੈ। ਅਜਿਹਾ ਤਖ਼ੱਲਸ ਜਿਸ ਰਾਹੀਂ ਪੰਜਾਬ ਸਾਹ ਲੈਂਦਾ ਹੈ। ਉਹਨੇ ‘ਸਫ਼ਰੀ ਨੂੰ ਡਰ ਲੱਗਦੈ ਤੈਥੋਂ ਪੰਜ ਫੁੱਟੀਏ ਤਲਵਾਰੇ’ ਵੀ ਲਿਖਿਆ ਹੈ। ਸਿੱਖ ਇਤਿਹਾਸ ਦੀ ਲਹੂ ਭਿੱਜੀ ਚੁੱਪ ਨੂੰ ਵੀ ਗੀਤਾਂ ਵਿੱਚ ਢਾਲਿਆ। ਅਜਿਹਾ ਢਾਲਿਆ ਕਿ ਸੁਣਨ ਵਾਲਾ ਭਾਵੁਕ ਹੋ ਜਾਂਦਾ ਹੈ। ਉਹਨੇ ਆਪਾ ਗੁਆ ਕੇ ਗੀਤ ਸਿਰਜੇ। ਆਪਾ ਗੁਆਉਣਾ ਸਫ਼ਰੀ ਦੇ ਹਿੱਸੇ ਆਇਆ ਹੈ। ਉਹਨੇ ਆਪਣੀ ‘ਮੈਂ’ ਰਾਹੀਂ ਸਰੂ ਨੂੰ ਕਲਾਵੇ ਭਰਿਆ। ਜ਼ੱਰੇ-ਜ਼ੱਰੇ ਨੂੰ ਇਸ਼ਕ ਕੀਤਾ, ਵਫ਼ਾ ਦੀ ਆਸ ਕੀਤੇ ਬਿਨਾਂ। ਹੇਠਲੀਆਂ ਸਤਰਾਂ ਲਿਖਦਿਆਂ ਮੇਰੇ ਨੈਣਾਂ ’ਚੋਂ ਹੰਝੂ ਨਹੀਂ, ਰੱਤ ਚੋਅ ਰਹੀ ਹੈ:
ਦੋ ਬੜੀਆਂ ਕੀਮਤੀ ਜਿੰਦਾਂ
ਨੀਹਾਂ ਵਿੱਚ ਆਣ ਖਲੋ ਗਈਆਂ
ਇਹ ਤੱਕ ਕੇ ਤਸੀਹਾ ਗ਼ਮ ਦਾ
ਕੰਧਾਂ ਵੀ ਪਾਗਲ ਹੋ ਗਈਆਂ
ਸਿੱਖ ਇਤਿਹਾਸ ਨੂੰ ਗੀਤਾਂ ਵਿੱਚ ਪਰੋਣ ਵਾਲੇ ਸ਼੍ਰੋਮਣੀ ਕਵੀ ਚਰਨ ਸਿੰਘ ਸਫ਼ਰੀ ਦੀ ਗੀਤਕਾਰੀ ’ਤੇ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਪੰਜਾਬੀ ਸਾਹਿਤ ਦੇ ਨਾਲ ਨਾਲ ਧਾਰਮਿਕ ਗੀਤਕਾਰੀ ਵਿੱਚ ਉਨ੍ਹਾਂ ਤੋਂ ਵੱਡਾ ਨਾਮ ਹੋਰ ਕੋਈ ਨਜ਼ਰ ਨਹੀਂ ਆਉਂਦਾ। ਧਾਰਮਿਕ ਗੀਤਕਾਰੀ ਵਿੱਚ ਜੋ ਪੂਰਨੇ ਸਫ਼ਰੀ ਪਾ ਗਿਆ ਉਸ ਦੀ ਤਾਂ ਨਕਲ ਕਰਨੀ ਵੀ ਬਹੁਤ ਔਖੀ ਹੈ:
ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ
ਘੜੀ ਘੜੀ ਗੁਜਰੀ, ਪਲ ਪਲ ਗੁਜਰੀ
ਪਹਿਲਾਂ ਪਤੀ ਦਿੱਤਾ, ਫੇਰ ਮੈਂ ਪੋਤੇ ਦਿੱਤੇ
ਆਹ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ
ਗੁਜਰੀ ਲੋਕ ਮੈਨੂੰ ਤਾਹੀਂਓ ਆਖਦੇ ਨੇ
ਜਿਹੜੀ ਆਈ ਸਿਰ ’ਤੇ, ਉਹ ਮੈਂ ਝੱਲ ਗੁਜਰੀ
ਸਫ਼ਰੀ ਸਾਹਿਬ ਦਾ ਲਿਖਿਆ 1972 ਵਿੱਚ ਨਰਿੰਦਰ ਬੀਬਾ, ਸਤਿੰਦਰ ਬੀਬਾ, ਰਣਬੀਰ ਸਿੰਘ ਰਾਣਾ ਤੇ  ਅਮੀਰ ਸਿੰਘ ਰਾਣਾ ਦੀਆਂ ਆਵਾਜ਼ਾਂ ਵਿੱਚ ਕੇਸਰ ਸਿੰਘ ਨਰੂਲਾ ਦਾ ਸੰਗੀਤਬੱਧ ਕੀਤਾ ਉਪੇਰਾ ‘ਸਾਕਾ ਸਰਹੰਦ’ ਪੰਜਾਬੀ ਧਾਰਮਿਕ ਗਾਇਕੀ ਦਾ ਮੀਲ ਪੱਥਰ ਹੈ। ਕਵੀ ਨੇ ਇੱਕ-ਇੱਕ ਸ਼ਬਦ ਨੂੰ ਅਜਿਹੇ ਅੰਦਾਜ਼ ਵਿੱਚ ਲਿਖਿਆ ਹੈ ਕਿ ਜਦੋਂ ਕੋਈ ਸਰੋਤਾ ਸੁਣਦਾ ਹੈ ਤਾਂ ਇਤਿਹਾਸ ਦੇ ਉਸ ਖੂਨੀ ਤੇ ਜ਼ਾਲਿਮ ਦੌਰ ਦਾ ਦ੍ਰਿਸ਼ ਅੱਖਾਂ ਮੂਹਰੇ ਘੁੰਮਣ ਲੱਗ ਜਾਂਦਾ ਹੈ। ਸਫ਼ਰੀ ਦੇ ਲਿਖੇ ਅਨੇਕ ਧਾਰਮਿਕ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਰਿਕਾਰਡ ਹੋਏ ਜੋ ਹਮੇਸ਼ਾਂ ਪੰਜਾਬ ਦੀ ਫਿਜ਼ਾ ਵਿੱਚ ਗੂੰਜਦੇ ਰਹਿਣਗੇ। ਇਸ ਤੋਂ ਇਲਾਵਾ ਜਗਮੋਹਨ ਕੌਰ ਤੇ ਕੇ.ਦੀਪ ਸਮੇਤ ਬਹੁਤ ਸਾਰੇ ਗਾਇਕਾਂ ਨੇ ਸਫ਼ਰੀ ਦੇ ਧਾਰਮਿਕ ਗੀਤ ਰਿਕਾਰਡ ਕਰਵਾਏ। ਇਸ ਤੋਂ ਥੋੜ੍ਹਾ ਹੋਰ ਪਿੱਛੇ ਝਾਤ ਮਾਰਦੇ ਹਾਂ:
ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ
ਬੇਸਮਝ ਜ਼ਮਾਨਾ ਕੀ ਜਾਣੇ
ਜੀਹਨੇ ਸਭ ਜੱਗ ਆਪਣਾ ਸਮਝ ਲਿਆ
ਆਪਣਾ ਤੇ ਬੇਗਾਨਾ ਕੀ ਜਾਣੇ
‘ਸਫ਼ਰੀ’ ਸਭ ਝਗੜਾ ਅੰਦਰ ਦਾ
ਨਾ ਮਸਜਿਦ ਦਾ, ਨਾ ਮੰਦਿਰ ਦਾ
ਜਿਸ ਭੇਤ ਇਲਾਹੀ ਸਮਝ ਲਿਆ
ਕਾਅਬਾ ਬੁੱਤਖਾਨਾ ਕੀ ਜਾਣੇ
***
ਗੁਰੂ ਨਾਨਕ ਸਭ ਦਾ ਪਿਆਰਾ
ਪਿਆ ਤੇਰਾ ਤੇਰਾ ਬੋਲਦਾ
ਹੱਥ ਧਰਮ ਤਰਾਜੂ ਫੜ ਕੇ
ਧਰਤੀ ਦੀਆਂ ਪੀੜਾਂ ਤੋਲਦਾ
ਉਹਦੀ ਹੱਟ ਵਿੱਚ ਸੌਦਾ ਤੁਲਦਾ ਸਚਾਈ ਦਾ
ਅੱਗੇ ਜਾ ਕੇ ਹੋਣਾ ਏ ਹਿਸਾਬ ਪਾਈ ਪਾਈ ਦਾ
ਇੱਕੋ ਹੀ ਸ਼ਬਦ ਉਹਦੇ ਸੀਨੇ ਵਿੱਚ ਵੱਸਦਾ ਏ
ਕੂੜ ਕਿਤਾਬਾਂ ਨਹੀਂ ਫੋਲਦਾ
‘ਸਫ਼ਰੀ’ ਸਰੂਪ ਉਹਦਾ ਵੱਖਰਾ ਜਲਾਲ ਏ
ਮਿਲਦੀ ਮਿਸਾਲ ਨਾ, ਮਿਸਾਲ ਬੇਮਿਸਾਲ ਏ
ਛੇੜਦਾ ਰਬਾਬ ਤੇ ਅਲਾਪਦਾ ਇਲਾਹੀ ਬਾਣੀ
ਹਵਾਵਾਂ ਵਿੱਚ ਅੰਮ੍ਰਿਤ ਘੋਲਦਾ
ਮੈਂ ਸਫ਼ਰੀ ਦੇ ਲਿਖੇ ਤੇ ਸਰੂਪ ਸਿੰਘ ਸਰੂਪ ਦੇ ਗਾਏ ਪੁਰਾਣੇ ਧਾਰਮਿਕ ਗੀਤਾਂ ਦੀ ਇੱਕ ਕੈਸੇਟ ਵੀਹ ਕੁ ਵਰ੍ਹੇ ਪਹਿਲਾਂ ‘ਗੁਰੂ ਨਾਨਕ ਸਭ ਦਾ ਪਿਆਰਾ’ ਟਾਈਟਲ ਹੇਠ ਐੱਚਐੱਮਵੀ ਤੋਂ ਰਿਲੀਜ਼ ਕਰਵਾਈ ਸੀ। ਜੋ ਪੁਰਾਣੇ ਸਰੋਤਿਆਂ ਦੇ ਨਾਲ ਨਾਲ ਨਵੀਂ ਉਮਰ ਦੇ ਸਰੋਤਿਆਂ ’ਚ ਵੀ ਬਹੁਤ ਮਕਬੂਲ ਹੋਈ।
ਚਰਨ ਸਿੰਘ ਦਾ ਜਨਮ 5 ਅਪਰੈਲ 1918 ਨੂੰ ਦਸੂਹੇ ਲਾਗਲੇ ਪਿੰਡ ਬੋਦਲ ਵਿੱਚ ਮਾਤਾ ਇੰਦੀ ਕੌਰ ਤੇ ਪਿਤਾ ਲਾਭ ਸਿੰਘ ਦੇ ਘਰ ਹੋਇਆ। ਪਿਤਾ ਜੀ ਦੀ ਰੁਚੀ ਸਿੱਖ ਧਰਮ ਵਿੱਚ ਬਹੁਤ ਸੀ। ਬਾਲ ਚਰਨ ਨੇ ਬਾਪੂ ਤੋਂ ਸਿੱਖੀ ਸਾਖੀਆਂ ਸੁਣੀਆਂ ਤੇ ਉਸ ਦੇ ਮਨ ’ਤੇ ਇਨ੍ਹਾਂ ਦਾ ਡੂੰਘਾ ਪ੍ਰਭਾਵ ਪਿਆ।
ਚਰਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਲਰਕ ਦੀ ਨੌਕਰੀ ਮਿਲ ਗਈ ਜਿੱਥੇ ਉਸ ਦਾ ਮੇਲ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਬਲਦੇਵ ਚੰਦ ਬੇਕਲ (ਜੋ ਲਾਲਾ ਧਨੀ ਰਾਮ ਚਾਤ੍ਰਿਕ ਦੇ ਰਿਸ਼ਤੇਦਾਰ ਸਨ) ਨਾਲ ਹੋਇਆ। ਬੇਕਲ ਨੂੰ ਉਸ ਨੇ ਆਪਣਾ ਉਸਤਾਦ ਧਾਰਿਆ ਤੇ ਗੀਤਕਾਰੀ ਦੇ ਗੁਰ ਸਿੱਖੇ। ਉਸ ਤੋਂ ਥੋੜ੍ਹੀ ਦੇਰ ਬਾਅਦ ਚਰਨ ਸਿੰਘ ਫ਼ੌਜ ਵਿੱਚ ਭਰਤੀ ਹੋ ਗਿਆ। 1958 ਵਿੱਚ ਸਫ਼ਰੀ ਦੀ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਦਸੂਹਾ ਵਿਖੇ ਬਤੌਰ ਪੰਜਾਬੀ ਅਧਿਆਪਕ ਨਿਯੁਕਤੀ ਹੋ ਗਈ। 1958 ਤੋਂ ਲੈ ਕੇ 1970 ਤੱਕ ਉਸ ਨੇ ਇਸੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਇੱਥੋਂ ਹੀ ਸੇਵਾਮੁਕਤ ਹੋਇਆ। ਸਫ਼ਰੀ ਦੇ ਗੀਤਾਂ ਨੂੰ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਗਾਇਆ। ਜਿਨ੍ਹਾਂ ਵਿੱਚ ਆਸਾ ਸਿੰਘ ਮਸਤਾਨਾ ਦੁਆਰਾ ਗਾਏ ਨਿਮਨ ਗੀਤ ਦੀਆਂ ਸਤਰਾਂ ਦੇਖੋ:
ਕੁੰਡਲਾਂ ਤੋਂ ਪੁੱਛ ਗੋਰੀਏ
ਇਨ੍ਹਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ
ਕਿੰਨੇ ਕੁ ਪਿਆਰ ਲੱਭਦੇ
ਇਨ੍ਹਾਂ ਫਾਹ ਕੇ ਕਬੂਤਰ ਮਾਰੇ
ਨਿੰਮਾ-ਨਿੰਮਾ ਤੂ ਹੱਸਿਆ
ਉਂਝ ਤਾਂ ਜਗਮੋਹਨ ਕੌਰ ਦੀ ਆਵਾਜ਼ ਵਿੱਚ ਉਸ ਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ, ਪਰ ਨਿਮਨ ਗੀਤ ਪੰਜਾਬੀ ਗੀਤਕਾਰੀ ਵਿੱਚ ਸਾਹਿਤ ਦਾ ਉੱਤਮ ਨਮੂਨਾ ਹਨ:
ਨੀਂ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ
ਆਪਣਾ ਪਿਆਰਾ ਜਾਣ ਕੇ
ਗੱਲਾਂ ਗੱਲਾਂ ਦੇ ਬਹਾਨੇ ਦੁੱਖ ਕਹਿ ਲਿਆ
ਆਪਣਾ ਪਿਆਰਾ ਜਾਣ ਕੇ
ਹੰਸ ਰਾਜ ਹੰਸ ਦੀ ਪਲੇਠੀ ਕੈਸੇਟ ਦਾ ਟਾਈਟਲ ਗੀਤ ਵੀ ਚਰਨ ਸਿੰਘ ਸਫ਼ਰੀ ਦੀ ਹੀ ਲਿਖਤ ਹੈ। ਗੀਤ ਸੀ:
ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ
ਨਾਗਣੇ ਨੀਂ ਇੱਕ ਡੰਗ ਹੋਰ ਮਾਰ ਜਾ
ਮੇਰੀ ਸਫ਼ਰੀ ਹੋਰਾਂ ਨਾਲ ਚਾਰ-ਪੰਜ ਵਾਰ ਮੁਲਾਕਾਤ ਹੋਈ। ਇੱਕ ਵਾਰ ਮੈਂ ਉਸ ਦੇ ਕੁਝ ਪੁਰਾਣੇ ਧਾਰਮਿਕ ਗੀਤਾਂ ਨੂੰ ਨਵੀਂ ਗਾਇਕਾ ਅੰਮ੍ਰਿਤਾ ਦੀਪਕ ਦੀ ਆਵਾਜ਼ ਵਿੱਚ ਰਿਕਾਰਡ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਮੈਨੂੰ ਸ਼ੇਅਰ ਲਿਖ ਦਿੱਤੇ ਤੇ ਮੇਰੀ ਐਲਬਮ ਦੀ ਰਿਕਾਰਡਿੰਗ ਹੋ ਗਈ ਜਿਸ ਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਉਸ ਐਲਬਮ ਨੂੰ ਟੀ. ਸੀਰੀਜ਼ ਨੇ ਰਿਲੀਜ਼ ਕੀਤਾ। ਮੈਂ ਸਫ਼ਰੀ ਹੋਰਾਂ ਦੇ ਗੀਤ ਨਰਿੰਦਰ ਮਾਵੀ, ਗੁਰਦੀਪ ਸਿੰਘ ਤੇ ਜੀਤ ਜਗਜੀਤ ਦੀਆਂ ਆਵਾਜ਼ਾਂ ਵਿੱਚ ਖ਼ੁਦ ਤਿਆਰ ਕੀਤੇ। ਜਿਨ੍ਹਾਂ ਵਿੱਚ ਗੁਰਦੀਪ ਸਿੰਘ ਦੀ ਆਵਾਜ਼ ਵਿੱਚ ਰਿਕਾਰਡ ਹੋਈ ਇਸ ਗ਼ਜ਼ਲ ਨੂੰ ਸਰੋਤਿਆਂ ਨੇ ਮਣਾਂ-ਮੂੰਹੀਂ ਪਿਆਰ ਦਿੱਤਾ। ਉਂਝ ਇਹ ਗ਼ਜ਼ਲ ਕੁਲਦੀਪ ਸਿੰਘ ਪ੍ਰਦੇਸੀ ਦੀ ਆਵਾਜ਼ ਵਿੱਚ ਵੀ ਰਿਕਾਰਡ ਹੋ ਚੁੱਕੀ ਸੀ:
ਬੜੇ ਮਾਸੂਮ ਨੇ ਸਾਜਨ
ਸ਼ਰਾਰਤ ਕਰ ਹੀ ਜਾਂਦੇ ਨੇ
ਤਰੀਂਦੇ ਰਾਤ ਨੂੰ ਨਦੀਆਂ
ਦਿਨੇ ਕੁਝ ਡਰ ਵੀ ਜਾਂਦੇ ਨੇ
ਇਸ ਤੋਂ ਇਲਾਵਾ ਗਾਇਕ ਜੀਤ ਜਗਜੀਤ ਦੀ ਆਵਾਜ਼ ਵਿੱਚ ਵੀ ਮੈਂ ਦਸ ਕੁ ਗੀਤ ਰਿਕਾਰਡ ਕੀਤੇ, ਜਿਸ ਦਾ ਟਾਈਟਲ ਰੱਖਿਆ ‘ਰਾਤਾਂ ਚਾਨਣੀਆਂ’ ਸਫ਼ਰੀ ਸਾਹਿਬ ਦੇ ਗੀਤ ਵਿੱਚੋਂ ਹੀ ਨਿਕਲਿਆ:
ਕਦੇ ਆ ਦੁਖੀਆਂ ਵੱਲ ਪਾ ਫੇਰਾ
ਦੁੱਖ ਸੁਣ ਜਾ ਬ੍ਰਿਹਾ ਸੱਲ੍ਹਿਆਂ ਦਾ
ਅੱਗ ਲਾਉਂਦੀਆਂ ਰਾਤਾਂ ਚਾਨਣੀਆਂ
ਚਰਨ ਸਿੰਘ ਸਫ਼ਰੀ ਦੇ ਕੁਝ ਅਜਿਹੇ ਗੀਤ ਹਨ ਜੋ ਰੇਡੀਓ ਸੁਣਨ ਵਾਲੇ ਪੁਰਾਣੇ ਸਰੋਤਿਆਂ ਦੇ ਜ਼ਿਹਨ ਵਿੱਚ ਹਮੇਸ਼ਾਂ ਵਸਦੇ ਹਨ। ਜਿਨ੍ਹਾਂ ’ਚ ਸਰੂਪ ਸਿੰਘ ਸਰੂਪ ਦੀ ਆਵਾਜ਼ ਵਿੱਚ ਗੀਤ ਹੈ:
ਤੱਕਲੇ ਦੇ ਵਲ਼ ਕੱਢ ਲੈ
ਤੇਰਾ ਤੰਦ ਨਾ ਲਪੇਟਿਆ ਜਾਵੇ
ਸਫ਼ਰੀ ਜ਼ਿੰਦਾ ਦਿਲ ਸ਼ਾਇਰ ਸੀ, ਜਿਸ ਨੇ ਜ਼ਿੰਦਗੀ ਘੜੀਸੀ ਨਹੀਂ ਬਲਕਿ ਜ਼ਿੰਦਗੀ ਜਿਉਂਈ ਹੈ। ਉਸ ਦੇ ਗੀਤ ਸੁਣਨ ’ਚ ਵੀ ਆਨੰਦ ਆਉਂਦਾ ਹੈ ਤੇ ਪੜ੍ਹਨ ’ਚ ਉਸ ਤੋਂ ਵੀ ਵੱਧ। ਸਫ਼ਰੀ ਦੀਆਂ ‘ਸਿੱਖੀ ਦੀਆਂ ਵਾਟਾਂ’, ‘ਲਹੂ ਦੀਆਂ ਲਾਟਾਂ’, ‘ਅੰਮ੍ਰਿਤ ਭਿੱਜੇ ਬੋਲ’, ‘ਗੁਰੂ ਰਵਿਦਾਸ ਮਹਿਮਾ’, ‘ਖ਼ਾਲਸਿਓ ਤਨਖਾਹ ਮੰਗਦੇ ਓ’, ‘ਤੱਕਲੇ ਦੇ ਵਲ਼ ਕੱਢ ਲੈ’ ਸਮੇਤ ਬਾਰਾਂ ਕੁ ਕਿਤਾਬਾਂ ਛਪੀਆਂ ਜੋ ਪੰਜਾਬੀ ਸਾਹਿਤ ਦਾ ਸਰਮਾਇਆ ਹਨ।
ਪੰਜਾਬ ਦੇ ਮੁੱਢਲੇ ਗਾਇਕਾਂ ’ਚ ਇੱਕ ਬੜਾ ਮਸ਼ਹੂਰ ਨਾਮ ਹੈ ਭਾਨ ਸਿੰਘ ‘ਮਾਹੀ’। ਮਾਹੀ ਦੀ ਆਵਾਜ਼ ਵਿੱਚ ਗਾਏ ਤੇ ਸਫ਼ਰੀ ਦੇ ਲਿਖੇ ਇਸ ਗੀਤ ਬਿਨਾਂ ਸਫ਼ਰੀ ਦੀ ਗੱਲ ਅਧੂਰੀ ਰਹੇਗੀ:
ਦੁੱਧ ਨੂੰ ਮਧਾਣੀ ਪੁੱਛਦੀ
ਰਾਤੀਂ ਜਾਗ ਹੰਝੂਆਂ ਦਾ ਕੀਹਨੇ ਲਾਇਆ
ਮੈਂ ਜਦੋਂ ਵੀ ਸਫ਼ਰੀ ਸਾਹਿਬ ਨੂੰ ਮਿਲਿਆ ਤਾਂ ਢਲ਼ਦੀ ਉਮਰ ਦਾ ਪਰਛਾਵਾਂ ਕਦੇ ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦੇ ਗੀਤਾਂ, ਉਨ੍ਹਾਂ ਦੇ ਸੁਭਾਅ ’ਤੇ ਪਿਆ ਨਹੀਂ ਦੇਖਿਆ। 1995 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ‘ਰਾਜ ਕਵੀ’ ਦੀ ਉਪਾਧੀ ਨਾਲ ਨਿਵਾਜਿਆ। ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਐੱਮ. ਐੱਸ. ਰੰਧਾਵਾ ਤੇ ਸਫ਼ਰੀ ਸਾਹਿਬ ਗਰਾਈਂ ਸਨ। ਰੰਧਾਵਾ ਨੇ ਸਫ਼ਰੀ ਦੀ ਕਵਿਤਾ ਨੂੰ ਅੱਗੇ ਤੋਰਨ ਵਿੱਚ ਕਾਫ਼ੀ ਯੋਗਦਾਨ ਪਾਇਆ। ਅੰਤ 5 ਜਨਵਰੀ 2006 ਨੂੰ ਪੰਜਾਬ ਦਾ ਇਹ ਪ੍ਰਸਿੱਧ ਗੀਤਕਾਰ ਤੇ ਪੰਜਾਬ, ਪੰਜਾਬੀ ਦਾ ਮੁਦੱਈ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ, ਪਰ ਉਸ ਦੇ ਗੀਤ ਤੇ ਉਸ ਦੀ ਕਵਿਤਾ ਅਮਰ ਹੈ:
ਪੰਜਾਬ ਮੇਰਾ ਦੇਸ਼ ਹੈ, ਪੰਜਾਬੀ ਮੇਰੀ ਬੋਲੀ ਏ
ਭੋਲ਼ੇ-ਭਾਲ਼ੇ ਨੈਣ ਨੇ, ਨੁਹਾਰ ਆਲ਼ੀ-ਭੋਲ਼ੀ ਏ
ਪੰਜਾਬੀ ਮੇਰੀ ਬੋਲੀ ਏ
ਆਸ਼ਕ ਮਸ਼ੂਕ ਏਸੇ ਬੋਲੀ ਵਿੱਚ ਬੰਦ ਨੇ
ਏਸੇ ਦੇ ਪੁਜਾਰੀ ਸਾਰੇ ਦਿਲਾਂ ਨੂੰ ਪਸੰਦ ਨੇ
ਰੱਬ ਨੂੰ ਮਿਲਾਉਣ ਵਾਲੀ
ਇੱਕੋ ਹੀ ਵਿਚੋਲੀ ਏ
ਪੰਜਾਬੀ ਮੇਰੀ ਬੋਲੀ ਏ
ਵਾਰਿਸ, ਚਾਤ੍ਰਿਕ, ਵੀਰ ਸਿੰਘ ਭਾਈ ਨੇ
ਬੇਕਲ, ਨੂਰਪੁਰੀ ਸ਼ਿਵ ਇਹਦੇ ਰਾਹੀ ਨੇ
‘ਸਫ਼ਰੀ’ ਸਾਹਿਤ ਨਾਲ
ਭਰੀ ਇਹਦੀ ਝੋਲੀ ਏ
ਪੰਜਾਬ ਮੇਰਾ ਦੇਸ਼ ਹੈ ਪੰਜਾਬੀ ਮੇਰੀ ਬੋਲੀ ਏ

Advertisement

ਸੰਪਰਕ: 98151-30226

Advertisement
Author Image

Advertisement