For the best experience, open
https://m.punjabitribuneonline.com
on your mobile browser.
Advertisement

ਬਰਗਾੜੀ ਮੋਰਚਾ ਲਾਉਣ ਵਾਲੇ ਸਾਰੇ ਅਕਾਲੀ ਦਲ ਚੋਣਾਂ ’ਚ ਇਕਮੱਤ ਨਹੀਂ

07:53 AM Apr 11, 2024 IST
ਬਰਗਾੜੀ ਮੋਰਚਾ ਲਾਉਣ ਵਾਲੇ ਸਾਰੇ ਅਕਾਲੀ ਦਲ ਚੋਣਾਂ ’ਚ ਇਕਮੱਤ ਨਹੀਂ
ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸਹੌਲੀ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਅਪਰੈਲ
ਬਰਗਾੜੀ ਮੋਰਚਾ ਲਾਉਣ ਵਾਲੇ ਸਾਰੇ ਅਕਾਲੀ ਦਲ ਹੁਣ ਇਨ੍ਹਾਂ ਚੋਣਾਂ ਵਿਚ ਇਕ ਮੱਤ ਨਹੀਂ ਹੋ ਰਹੇ ਜਦੋਂਕਿ ਵੱਖ-ਵੱਖ ਹੋ ਕੇ ਬਰਗਾੜੀ ਮੋਰਚੇ ਨੂੰ ਫੇਰ ਗਰਮ ਕਰਨ ਲਈ ਇਨ੍ਹਾਂ ਚੋਣਾਂ ਰਾਹੀਂ ਬੇਅਦਬੀ ਮਾਮਲੇ ਵਿਚ ਹੋ ਰਹੀ ਢਿੱਲੀ ਕਾਰਵਾਈ ਦਾ ਮੁੱਦਾ ਉਠਾਉਣਗੇ। ਨਾਲ ਹੀ ਇਹ ਮੰਗ ਕਰਨ ਲੱਗ ਪਏ ਹਨ ਕਿ ਜਦੋਂ ਪ੍ਰਦੀਪ ਕਲੇਰ ਨੇ ਸਿੱਧੇ ਤੌਰ ’ਤੇ ਹਨੀਪ੍ਰੀਤ ਦਾ ਨਾਮ ਬੇਅਦਬੀ ਕਰਾਉਣ ਵਾਲਿਆਂ ਵਿੱਚ ਲਿਆ ਹੈ ਤਾਂ ਹੁਣ ਤੱਕ ਪੰਜਾਬ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਬੇਅਦਬੀ ਤੇ ਬਰਗਾੜੀ ਕਾਂਡ ਦੇ ਦੋਸ਼ੀ ਪੁਲੀਸ ਮੁਲਾਜ਼ਮਾਂ ਤੇ ਸਿਆਸੀ ਲੋਕਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅਤੇ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨਜਾਮਦੀਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਬਰਗਾੜੀ ਵਿਚ ਲੰਬਾ ਮੋਰਚਾ ਚੱਲਿਆ ਸੀ। ਇਸ ਬਾਰੇ ਅੱਜ ਇੱਥੇ ਅਕਾਲੀ ਦਲ (ਸੁਤੰਤਰ) ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸਾਡਾ ਮੋਰਚਾ ਸਾਢੇ ਛੇ ਮਹੀਨੇ ਬਰਗਾੜੀ ਚੱਲਿਆ ਜਿਸ ਵਿਚ ਭਾਈ ਮੋਹਕਮ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ (ਯੂਨਾਈਟਿਡ), ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਸ਼ੇਰੇ ਪੰਜਾਬ), ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਅ), ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ), ਬੂਟਾ ਸਿੰਘ ਰਣਸੀਂਹ ਕੇ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (1920), ਜਸਬੀਰ ਸਿੰਘ ਖਡੂਰ ਦੀ ਅਗਵਾਈ ਵਿਚ ਦਲ ਖ਼ਾਲਸਾ ਆਦਿ ਸੰਤ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ ਆਦਿ ਆਗੂਆਂ ਨੇ ਭਰਪੂਰ ਹਾਜ਼ਰੀ ਲਗਾਈ ਸੀ। ਚੋਣਾਂ ਵਿਚ ਸਾਰੇ ਅਕਾਲੀ ਦਲ ਇਕਮੱਤ ਨਹੀਂ ਹੋ ਰਹੇ, ਸਾਰੇ ਅਲੱਗ ਅਲੱਗ ਹੀ ਚੋਣਾਂ ਲੜਨ ਦੀਆਂ ਯੋਜਨਾਵਾਂ ਬਣਾ ਰਹੇ ਹਨ। ਸ਼ੇਰੇ ਪੰਜਾਬ ਦਲ ਦੇ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸਰਕਾਰ ਦੀ ਕਾਰਵਾਈ ਬਹੁਤ ਹੀ ਠੰਢੇ ਤਰੀਕੇ ਨਾਲ ਚੱਲ ਰਹੀ ਹੈ। ਉਹ ਵਿਸਾਖੀ ਤੋਂ ਬਾਅਦ ਮੀਟਿੰਗ ਕਰਕੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਅ) ਨਾਲ ਸਾਡੀ ਸਮਝੌਤੇ ਦੀ ਗੱਲ ਚੱਲੀ ਸੀ ਪਰ ਸਿਰੇ ਨਹੀਂ ਚੜ੍ਹੀ। ਸ਼੍ਰੋਮਣੀ ਅਕਾਲੀ ਦਲ (ਅ) ਦੇ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਕੋਈ ਵੀ ਅਕਾਲੀ ਦਲ ਹੁਣ ਇਕਮੱਤ ਨਹੀਂ ਹੈ, ਸਾਡੀ ਗੱਲ ਗੁਰਦੀਪ ਸਿੰਘ ਬਠਿੰਡਾ ਨਾਲ ਚੱਲੀ ਸੀ ਪਰ ਸਿਰੇ ਨਹੀਂ ਚੜ੍ਹੀ।

Advertisement

Advertisement
Author Image

joginder kumar

View all posts

Advertisement
Advertisement
×