ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਭ ਸਹਿਯੋਗ ਦੇਣ: ਚੇਅਰਪਰਸਨ
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ):
ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਕੰਵਲਜੀਤ ਕੌਰ ਨੇ ਦੱਸਿਆ ਕਿ ਸਵੱਛ ਹਰਿਆਣਾ ਮਿਸ਼ਨ ਤਹਿਤ ਕੁਰੂਕਸ਼ੇਤਰ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਹੈ। ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਹਰ ਅਧਿਕਾਰੀ ਤੇ ਕਰਮਚਾਰੀ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਪਵੇਗੀ। ਚੇਅਰਪਰਸਨ ਕੰਵਲਜੀਤ ਕੌਰ ਅੱਜ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਫ਼ਸਰ ਵਰਿੰਦਰ ਚੌਧਰੀ ਨੇ 1 ਤੋਂ 31 ਜਨਵਰੀ ਤੱਕ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਬਾਰੇ ਰਿਪੋਰਟ ਪੇਸ਼ ਕੀਤੀ। ਸੀਈਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੋਰਟਲ ’ਤੇ ਸਫ਼ਾਈ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਫੋਟੋਆਂ ਅਪਲੋਡ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਮੁੱਖ ਕਾਰਜਕਾਰੀ ਅਫ਼ਸਰ ਕ੍ਰਿਸ਼ਨ ਲਾਲ, ਲੇਖਾ ਅਫ਼ਸਰ ਸੱਤਿਆ ਭੂਸ਼ਨ, ਉਪ ਮੰਡਲ ਇੰਜਨੀਅਰ ਜ਼ਿਲ੍ਹਾ ਪ੍ਰੀਸ਼ਦ ਰਵਿੰਦਰ ਕੁਮਾਰ ਹਾਜ਼ਰ ਸਨ।