ਭਾਰਤ ਨੂੰ ਵਿਕਸਤ ਦੇਸ਼ ਬਣਾੳੁਣ ਲੲੀ ਸਾਰੇ ਵਰਗ ਆਪਣਾ ਯੋਗਦਾਨ ਪਾਉਣ: ਰਾਜਨਾਥ ਸਿੰਘ
ਚੰਡੀਗਡ਼੍ਹ/ਜਲੰਧਰ, 3 ਜੁਲਾਈ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾੳੁਣ ਲੲੀ ਸਰਕਾਰ, ਸਮਾਜ ਦਾ ਹਰ ਵਰਗ ਅਤੇ ਸਮਾਜਿਕ ਜਥੇਬੰਦੀਆਂ ਮਿਲ ਕੇ ਕੰਮ ਕਰਨ। ੳੁਹ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਸਥਿਤ ਆਸ਼ਰਮ ਵਿੱਚ ਅੱਜ ਸ੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ੳੁਨ੍ਹਾਂ ਕਿਹਾ ਕਿ ਗੁਰੂ ਹੀ ਮਾਰਗਦਰਸ਼ਕ ਕਰ ਸਕਦੇ ਹਨ ਤੇ ਉਹ ਹੀ ਸਾਰਿਆਂ ਨੂੰ ਸਮਾਜ ਨਾਲ ਜੋਡ਼ਦੇ ਹਨ। ਉਨ੍ਹਾਂ ਕਿਹਾ ਗੁਰੂ ਦੀ ਭੂਮਿਕਾ ਰਾਹ ਦਸੇਰੇ ਵਾਲੀ ਹੁੰਦੀ ਹੈ, ਜੋ ਸਾਨੂੰ ਪਰਮਾਤਮਾ ਵੱਲ ਜਾਣ ਦਾ ਰਸਤਾ ਦੱਸਦੇ ਹਨ। ਉਨ੍ਹਾਂ ਕਿਹਾ ਦੇਸ਼ ਵਿੱਚ ਬਹੁਤ ਸਾਰੇ ਧਰਮ ਹਨ ਤੇ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦਾ ਭਵਿੱਖ ਹਨ ਤੇ ਗੁਰੂ ਹੀ ਸਮਾਜ ਨੂੰ ਠੀਕ ਰਾਹ ’ਤੇ ਲੈ ਕੇ ਜਾ ਸਕਦੇ ਹਨ। ਉਨ੍ਹਾਂ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਲੱਖਾਂ ਸ਼ਰਧਾਲੂਆਂ ਨੂੰ ਆਪਣੇ ਨਾਲ ਜੋਡ਼ ਕੇ ਧਰਮ ਦੀ ਰੱਖਿਆ ਕਰ ਰਹੇ ਹਨ ਤੇ ਸਮਾਜ ਕਲਿਆਣ ਲਈ ਕੰਮ ਕਰ ਰਹੇ ਹਨ। ੳੁਨ੍ਹਾਂ ਆਖਿਆ ਕਿ ਬੰਦੇ ਭਾਵੇਂ ਕੋੲੀ ਰੁਤਬਾ ਹੋਵੇ ਪਰ ਹਰ ਕਿਸੇ ਦਾ ਆਪਣਾ ਧਰਮ ਹੁੰਦਾ ਹੈ ਅਤੇ ਸਭ ਨੂੰ ਆਪਣਾ ਧਰਮ ਮੰਨਣਾ ਚਾਹੀਦਾ ਹੈ। ੳੁਨ੍ਹਾਂ ਆਖਿਆ ਕਿ ਧਰਮ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਭਾਵੇਂ ਸਿਆਸਤ ਹੀ ਕਿੳੁਂ ਨਾ ਹੋਵੇ। ਸਮਾਗਮ ਦੀ ਸ਼ੁਰੂਆਤ ਸੰਸਥਾਨ ਦੇ ਬ੍ਰਹਮਗਿਆਨੀ ਸਾਧਕ ਵੇਦ ਪਾਠੀਆਂ ਵੱਲੋਂ ਇਕ ਸੁਰ ਵਿਚ ਵੇਦ ਮੰਤਰਾਂ ਦੇ ਉਚਾਰਣ ਨਾਲ ਕੀਤੀ ਗਈ। ਸਾਧਵੀ ਜਯੰਤੀ ਭਾਰਤੀ ਅਤੇ ਸਵਾਮੀ ਯੋਗੇਸ਼ਾਨੰਦ ਨੇ ਸਤਿਸੰਗ ਵਿਚਾਰਾਂ ਵਿੱਚ ਇਸ ਵਿਸ਼ੇਸ਼ ਦਿਵਸ ਦੀ ਮਹਿਮਾ ਦਾ ਵਰਨਣ ਕੀਤਾ। ਰਾਜਨਾਥ ਸਿੰਘ ਨੇ ਅੱਗੇ ਆਖਿਆ ਕਿ ਰੱਖਿਆ ਮੰਤਰੀ ਹੋਣ ਦੇ ਨਾਤੇ ੳੁਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ੳੁਹ ਬਹਾਦਰ ਫੌਜੀਆਂ ਰਾਹੀਂ ਦੇਸ਼ ਦੀ ਰੱਖਿਆ ਕਰਨ। ੳੁਨ੍ਹਾਂ ਆਖਿਆ ਕਿ ਦੇਸ਼ ਅੰਮ੍ਰਿਤ ਕਾਲ ਵਿੱਚ ਦਾਖ਼ਲ ਹੋ ਚੁੱਕਿਆ ਹੈ ਅਤੇ ਆਗਾਮੀ 25 ਸਾਲਾ ਦੌਰਾਨ ਭਾਰਤ ਨੂੰ ਸਾਲ 2047 ਤੱਕ ਵਿਕਸਤ ਦੇਸ਼ ਬਣਾਇਆ ਜਾਵੇਗਾ। ੳੁਨ੍ਹਾਂ ਆਖਿਆ ਕਿ ਇੱਕ ਵਾਰ ਮਹਾਤਮਾ ਗਾਂਧੀ ਨੇ ਆਖਿਆ ਸੀ ਕਿ ਜਿਹਡ਼ੇ ਲੋਕ ਕਹਿੰਦੇ ਹਨ ਕਿ ਧਰਮ ਤੇ ਰਾਜਨੀਤੀ ਦਾ ਕੋੲੀ ਸਬੰਧੀ ਨਹੀਂ ਹੈ, ੳੁਹ ਨਹੀਂ ਜਾਣਦੇ ਕਿ ਧਰਮ ਕੀ ਹੁੰਦਾ ਹੈ। ੳੁਨ੍ਹਾਂ ਆਖਿਆ ਕਿ ਸਿਆਸਤ ਦਾ ਮਤਲਬ ਸੱਤਾ ਵਿੱਚ ਹੋਣਾ ਨਹੀਂ ਹੁੰਦਾ ਸਗੋਂ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ। ਪੀਟੀਆਈ/ ਪੱਤਰ ਪ੍ਰੇਰਕ