ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਵਰਗ ਸੜਕਾਂ ’ਤੇ: ਕੇਹਰਵਾਲਾ
ਪੱਤਰ ਪ੍ਰੇਰਕ
ਕਾਲਾਂਵਾਲੀ, 4 ਦਸੰਬਰ
ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ 24 ਦਸੰਬਰ ਨੂੰ ਸਿਰਸਾ ਵਿੱਚ ਹੋਣ ਵਾਲੀ ਜਨਤਕ ਰੋਸ ਰੈਲੀ ਸਬੰਧੀ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਰੈਲੀ ਲਈ ਸੱਦਾ ਦਿੱਤਾ। ਪਿੰਡ ਚਕੇਰੀਆਂ, ਜਲਾਲਆਣਾ, ਕਾਲਾਂਵਾਲੀ, ਦੇਸੂ ਮਲਕਾਣਾ, ਤਖ਼ਤਮੱਲ, ਕੇਵਲ, ਧਰਮਪੁਰਾ ਅਤੇ ਢਾਣੀ ਰਾਮਪੁਰਾ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੇਹਰਵਾਲਾ ਨੇ ਕਿਹਾ ਕਿ ਇਹ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਨਤੀਜਾ ਹੈ ਕਿ ਅੱਜ ਸਮਾਜ ਦਾ ਹਰ ਵਰਗ ਸੜਕਾਂ ’ਤੇ ਹੈ। ਅੱਜ ਪੂਰੇ ਹਰਿਆਣਾ ਦੀ ਸਥਿਤੀ ਇਹ ਹੈ ਕਿ ਇਹ ਅਪਰਾਧ, ਬੇਰੁਜ਼ਗਾਰੀ, ਮਹਿੰਗਾਈ, ਔਰਤਾਂ ਵਿਰੁੱਧ ਅਪਰਾਧ ਆਦਿ ਦੇ ਮਾਮਲੇ ਵਿੱਚ ਸਿਖਰ ’ਤੇ ਹੈ ਪਰ ਸਰਕਾਰ ਨੂੰ ਹਾਲਾਤ ਸੁਧਾਰਨ ਦਾ ਕੋਈ ਫ਼ਿਕਰ ਨਹੀਂ ਹੈ। ਵਿਧਾਇਕ ਵਿਧਾਇਕ ਸ੍ਰੀ ਕੇਹਰਵਾਲਾ ਨੇ ਕਿਹਾ ਕਿ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਜਬਰੀ ਲਾਗੂ ਕਰਨ ਕਾਰਨ ਕਿਸਾਨ ਅੰਦੋਲਨ ਦੌਰਾਨ 750 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਉਨ੍ਹਾਂ ਦੀ ਸ਼ਹਾਦਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਉਨ੍ਹਾਂ ਨੂੰ ਭੁੱਲਣ ਨਹੀਂ ਦੇਵੇਗੀ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਗੱਠਜੋੜ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਮਨਾਂ ਵਿੱਚ ਉਜਾਗਰ ਕਰਨ ਲਈ ਕਾਂਗਰਸ ਵੱਲੋਂ 24 ਦਸੰਬਰ ਨੂੰ ਸਿਰਸਾ ਦੀ ਅਨਾਜ ਮੰਡੀ ਵਿੱਚ ਜਨਤਕ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ, ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਸਮੇਤ ਕਈ ਸੀਨੀਅਰ ਆਗੂ ਵਿਚਾਰ ਰੱਖਣਗੇ। ਇਸ ਮੌਕੇ ਸਰਪੰਚ ਮਨਦੀਪ ਸਿੰਘ, ਓਮਕਾਰ ਚਕੇਰੀਆਂ, ਗੁਰਵਿੰਦਰ ਸਿੰਘ ਚਕੇਰੀਆਂ, ਜਸਵਿੰਦਰ ਸਿੰਘ ਸਰਪੰਚ ਜਲਾਲਆਣਾ, ਰਾਜਵਿੰਦਰ ਸਿੰਘ ਨੰਬਰਦਾਰ, ਜਗਵਿੰਦਰ ਸਿੰਘ ਖਤਰਾਵਾਂ, ਮਹੇਸ਼ ਝੋਰੜ, ਖੁਸ਼ਵੰਤ ਸਿੰਘ ਗਦਰਾਣਾ, ਬਲਕਰਨ ਸਿੰਘ ਤਾਰੂਆਣਾ, ਮੋਹਨ ਲਾਲ ਫਰਵਾਈ, ਰਾਜੀਵ ਕੇਹਰਵਾਲਾ ਸਰਪੰਚ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ।