ਮੁਹਾਲੀ ਨਿਗਮ ਦੀ ਮੀਟਿੰਗ ਵਿੱਚ ਸਾਰੇ ਮਤੇ ਪਾਸ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੁਲਾਈ
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਸਾਰੂ ਬਹਿਸ ਤੋਂ ਬਾਅਦ ਸਾਰੇ ਮਤੇ ਪਾਸ ਕਰ ਦਿੱਤੇ ਗਏ। ਇਸ ਦੌਰਾਨ ਕੁੱਝ ਮਤਿਆਂ ਨੂੰ ਟੇਬਲ ਆਈਟਮਾਂ ਰਾਹੀਂ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ, ਕੌਂਸਲਰ ਚਰਨ ਸਿੰਘ ਦੀ ਬੇਟੀ ਅਤੇ ਕੌਂਸਲਰ ਮਨਜੀਤ ਕੌਰ ਦੇ ਭਰਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਹਾਊਸ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਫੇਜ਼-11 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰੀਕ ਸਿੰਘ ਤਹਿਸੀਲਦਾਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਟੇਬਲ ਏਜੰਡੇ ਰਾਹੀਂ ਇਸ ਸਕੂਲ ਦਾ ਨਾਮ ਮਰਹੂਮ ਅਮਰੀਕ ਸਿੰਘ ਤਹਿਸੀਲਦਾਰ ਦੇ ਨਾਂ ’ਤੇ ਰੱਖਣ ਲਈ ਸਰਕਾਰ ਨੂੰ ਸਿਫ਼ਾਰਸ਼ ਕਰਨ ਦੀ ਮੰਗ ਕੀਤੀ ਗਈ। ਜਿਸ ਦੀ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪ੍ਰੋੜ੍ਹਤਾ ਕੀਤੀ। ਉਪਰੰਤ ਹਾਊਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਵੱਖ-ਵੱਖ ਕੰਮਾਂ ਵਿੱਚ ਠੇਕੇਦਾਰਾਂ ਦੀਆਂ ਮਨਮਰਜ਼ੀਆਂ ’ਤੇ ਕਾਬੂ ਕਰਨ ਲਈ ਠੇਕੇਦਾਰ ਦੀ ਪੇਮੈਂਟ ਦੀ ਅਦਾਇਗੀ ਲਈ ਸਬੰਧਤ ਵਾਰਡ ਦੇ ਕੌਂਸਲਰ ਦੇ ਹਸਤਾਖ਼ਰ ਲਾਜ਼ਮੀ ਹੋਣਗੇ। ਸਫ਼ਾਈ ਵਿੱਚ ਸੁਧਾਰ ਕਰਨ ਲਈ ਸਾਰੀਆਂ ਜ਼ੋਨਾਂ ਵਿੱਚ 50-50 (ਕੁੱਲ 200) ਸਫ਼ਾਈ ਕਰਮਚਾਰੀ ਰੱਖਣ ਸਮੇਤ ਸ਼ਹਿਰ ਵਿੱਚ 25 ਫੁੱਟ ਤੋਂ ਵੱਧ ਉੱਚੇ ਦਰੱਖ਼ਤਾਂ ਨੂੰ ਉੱਪਰੋਂ ਛਾਂਗਣ ਦਾ ਮਤਾ ਪਾਸ ਕੀਤਾ ਗਿਆ। ਗਰੇਟਰ ਮੁਹਾਲੀ ਏਰੀਆ ਵਿੱਚ ਸਿਟੀ ਬੱਸ ਸਰਵਿਸ ਚਾਲੂ ਕਰਨ, ਗਊਸ਼ਾਲਾ ਵਿੱਚ ਪਸ਼ੂ-ਧਨ ਦੀ ਗਿਣਤੀ ਸਮਰਥਾ ਤੋਂ ਵੱਧ ਹੋਣ ਕਾਰਨ 300 ਜਾਨਵਰ ਦੂਜੀ ਗਊਸ਼ਾਲਾ ਵਿੱਚ ਭੇਜਣ ਅਤੇ 200 ਜਾਨਵਰਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ, ਮਿਉਂਸਿਪਲ ਡੰਪਿੰਗ ਸਾਈਟ ’ਤੇ ਕੂੜਾ ਪ੍ਰੋਸੈੱਸ ਕਰਨ ਲਈ 424.29 ਲੱਖ ਰੁਪਏ ਦੇ ਐਸਟੀਮੇਟ ਨੂੰ ਪ੍ਰਵਾਨਗੀ ਦੇਣ, ਮੁਰਦਾ ਜਾਨਵਰਾਂ ਨੂੰ ਚੁੱਕਣ ਦੇ ਕੰਮ ਦੀ ਅਦਾਇਗੀ, ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਦੀਆਂ ਅਸਾਮੀਆਂ ’ਤੇ ਸਫ਼ਲ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਨਗਰ ਨਿਗਮ ਦਫ਼ਤਰ ਵਿੱਚ ਲਿਫ਼ਟਾਂ ਦੀ ਦੇਖਭਾਲ ਦਾ ਠੇਕਾ ਦੇਣ, ਤਹਿਬਾਜ਼ਾਰੀ ਸ਼ਾਖਾ ਲਈ ਇੱਕ ਪਿਕਅੱਪ ਵੈਨ ਅਤੇ 2 ਨਵੇਂ ਕੈਂਟਰ ਵਾਹਨਾਂ ਦੀ ਖ਼ਰੀਦ ਕਰਨ, ਕੋਰਟ ਕੇਸਾਂ ਦੀ ਪੈਰਵੀ ਕਰਨ ਲਈ ਰਿਟੇਨਰ ਨਿਯੁਕਤ ਕਰਨ ਅਤੇ ਪਾਰਕਾਂ ਦੇ ਰੱਖ-ਰਖਾਓ ਦੀ ਫੀਸ ’ਚ 25 ਫੀਸਦੀ ਵਾਧਾ ਕਰਨ ਦੇ ਮਤੇ ਪਾਸ ਕੀਤੇ ਗਏ। ਕੰਪਿਊਟਰ ਚੌਕ ਫੇਜ਼-7 ਤੋਂ ਪੀਸੀਐੱਲ ਚੌਕ ਅਤੇ ਸਪਾਈਸ ਚੌਕ ਤੋਂ ਪੀਸੀਐਲ ਚੌਕ ਤੱਕ ਸੜਕ ਦੀ ਉਸਾਰੀ ਕਰਨ, ਕਲਿਆਣ ਜਿਊਲਰ ਮਾਰਕੀਟ ਦੀ ਪਾਰਕਿੰਗ ਦੇ ਕੰਮ ਦਾ ਖਰਚਾ ਵਧਾਉਣ, ਐਨ ਚੋਅ ’ਤੇ ਪੈਂਦੇ ਪੁਲਾਂ ਉੱਤੇ ਜਾਲੀ ਲਗਾਉਣ, ਸੈਕਟਰ-78 ਵਿੱਚ ਸਪੈਸ਼ਲ ਪਾਰਕ ਦਾ ਵਿਕਾਸ ਕਰਨ, ਫਾਇਰ ਸਟੇਸ਼ਨ ਦੀ ਇਮਾਰਤ ਦੀ ਉਸਾਰੀ ਦੇ ਕੰਮ ਦਾ ਖਰਚਾ ਵਧਾਉਣ, ਨਗਰ ਨਿਗਮ ਦੀ ਹੱਦ ਵਿੱਚ ਸੀਵਰੇਜ ਤੇ ਸਟਾਰਮ ਵਾਟਰ ਦੀ ਦੁਰਵਰਤੋਂ ’ਤੇ ਰੋਕ ਲਗਾਉਣ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ, ਫੇਜ਼-11 ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਲਆਈਜੀ, ਐਮਆਈਜੀ ਮਕਾਨਾਂ ਤੋਂ ਗੋਲਫ਼ ਰੇਂਜ ਤੱਕ 1400 ਐਮਐਮ ਦੀ ਆਰਸੀਸੀ ਪਾਈਪ ਪਾਉਣ, ਜਗਤਪੁਰਾ ਵਿੱਚ ਹਾਰਟੀਕਲਚਰ ਪਲਾਟ ’ਤੇ ਕੰਮ ਕਰਵਾਉਣ ਦੇ ਮਤਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਗਊਸ਼ਾਲਾ ਦੇ ਜਾਨਵਰਾਂ ਨੂੰ ਵੇਚਣ ਸਮੇਂ ਘੱਟੋ-ਘੱਟ ਇੰਨੀ ਕੀਮਤ ਜ਼ਰੂਰ ਰੱਖੀ ਜਾਵੇ ਕਿ ਸਲਾਟਰ ਹਾਊਸ ਵਾਲੇ ਇਨ੍ਹਾਂ ਪਸ਼ੂਆਂ ਖ਼ਰੀਦ ਨਾ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਪਾਰਕਾਂ ਦੇ ਰੱਖ-ਰਖਾਓ ਦੀ ਫੀਸ ਵਿੱਚ 25 ਫੀਸਦੀ ਵਾਧਾ ਕਰਨ ਦਾ ਵਿਰੋਧ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਨੇ ਕਿਹਾ ਕਿ ਟੈਂਡਰ ਸਮੇਂ ’ਤੇ ਕੀਤੇ ਜਾਣ ਤਾਂ ਜੋ ਬਾਅਦ ਵਿੱਚ ਫੀਸ ਵਧਾਉਣ ਦੀ ਲੋੜ ਹੀ ਨਾ ਪਵੇ। ਕੌਂਸਲਰ ਕੁਲਦੀਪ ਕੌਰ ਧਨੋਆ ਨੇ ਫਰਵਰੀ ਦੀ ਮੀਟਿੰਗ ਵਿੱਚ ਪਾਸ ਕੀਤੇ ਉਸ ਦੇ ਵਾਰਡ ਦੇ ਕੰਮ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਮੇਅਰ ਨੂੰ ਪੱਤਰ ਵੀ ਦਿੱਤਾ।