ਸਾਰੇ ਧਰਮ ਭਾਈਚਾਰਕ ਸਾਂਝ ਦਾ ਦਿੰਦੇ ਨੇ ਸੁਨੇਹਾ: ਅਮਨ ਅਰੋੜਾ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 1 ਜੁਲਾਈ
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਅਤੇ ਸਟੇਸ਼ਨਰੀ, ਪ੍ਰਸ਼ਾਸਕੀ ਸੁਧਾਰ, ਸ਼ਿਕਾਇਤ ਨਿਵਾਰਨ, ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇੱਥੇ ਅੱਜ 21ਵੀਂ ਸ੍ਰੀ ਜਗਨਨਾਥ ਰੱਥ ਯਾਤਰਾ ਸਬੰਧੀ ਰਾਮ ਮੰਦਰ, ਮੰਡੀ ਗੋਬਿੰਦਗੜ੍ਹ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, ‘‘ਸਾਰੇ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਅਤੇ ਸਾਨੂੰ ਇਹ ਸੁਨੇਹਾ ਮਨ ਵਿੱਚ ਵਸਾ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ।’’ ਪੱਤਰਕਾਰਾਂ ਵਲੋਂ ਸੜਕਾਂ ਦੀ ਮਾੜੀ ਹਾਲਤ ਬਾਰੇ ਕੀਤੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਫੰਡ ਰੋਕੇ ਹੋਏ ਹਨ, ਜਿਸ ਕਾਰਨ ਵਿਕਾਸ ਸਬੰਧੀ ਕੁਝ ਮੁਸ਼ਕਲਾਂ ਦਰਪੇਸ਼ ਹਨ ਪਰ ਉਨ੍ਹਾਂ ਦਾ ਹੱਲ ਵੀ ਕੱਢਿਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਿਰਫ ਇਹੀ ਮਨਸ਼ਾ ਹੈ ਕਿ ਗੁਰਬਾਣੀ ਘਰ-ਘਰ ਪੁੱਜੇ ਤੇ ਪ੍ਰਸਾਰਣ ਦਾ ਹੱਕ ਸਭ ਨੂੰ ਮਿਲੇ।