ਪੰਜਾਬ ਵਿੱਚ ਸਾਰੇ ਪ੍ਰਾਜੈਕਟ ਸਮੇਂ ਸਿਰ ਪੂਰੇ ਹੋਣਗੇ: ਬਲਕਾਰ ਸਿੰਘ
ਚੰਡੀਗੜ੍ਹ (ਟਨਸ): ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰੇਗੀ। ਇੱਥੇ ਅੱਜ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿੱਚ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਤੇ ਵਿਭਾਗੀ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਮਿਉਂਸਿਪਲ ਕੌਂਸਲ/ਨਗਰ ਪੰਚਾਇਤ ਗੜਸ਼ੰਕਰ, ਗੜ੍ਹਦੀਵਾਲਾ, ਹਰਿਆਣਾ, ਮੁਕੇਰੀਆਂ, ਦਸੂਹਾ, ਉੜਮੁੜ ਟਾਂਡਾ, ਤਲਵਾੜਾ, ਸ਼ਾਮ ਚੁਰਾਸੀ, ਮਹਿਲਪੁਰ, ਨਵਾਂਸ਼ਹਿਰ, ਬੰਗਾ, ਰਾਹੋਂ ਅਤੇ ਬਲਾਚੌਰ ਦੇ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਬੰਧਤ ਵਿਧਾਇਕਾਂ ਵੱਲੋਂ ਉਭਾਰੇ ਗਏ ਮੁੱਦਿਆਂ ’ਤੇ ਵੀ ਵਿਭਾਗ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਤੇ ਹੱਲ ਕੱਢਣ ਲਈ ਆਖਿਆ। ਬਲਕਾਰ ਸਿੰਘ ਨੇ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਕਿ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ, ਵਾਟਰ ਟਰੀਟਮੈਂਟ ਪਲਾਂਟ ਲਈ ਜਗ੍ਹਾ ਮੁਹੱਈਆ ਕਰਨ ਸਬੰਧੀ, ਟਰਾਂਚ-3 ਅਮਰੁੱਤ ਤੇ ਐੱਮਡੀਐੱਫ/ਪੀਆਈਡੀਬੀ ਅਧੀਨ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਸਬੰਧੀ ਚਰਚਾ ਕਰਨ ਉਪਰੰਤ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਉੱਚ ਪੱਧਰੀ ਗੁਣਵੱਤਾ ਲਿਆਉਣ ਲਈ ਜ਼ੋਰ ਦਿੱਤਾ।