All party meeting : ਸਰਕਾਰ ਨੇ ਵਿਰੋਧੀ ਧਿਰਾਂ ਤੋਂ ਬਜਟ ਇਜਲਾਸ ਲਈ ਸਹਿਯੋਗ ਮੰਗਿਆ
ਨਵੀਂ ਦਿੱਲੀ, 30 ਜਨਵਰੀ
ਕੇਂਦਰ ਸਰਕਾਰ ਨੇ ਭਲਕ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ ਪਾਰਟੀ ਮੀਟਿੰਗ ’ਚ ਵਿਰੋਧੀ ਧਿਰਾਂ ਤੋਂ ਸੰਸਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਮੰਗਿਆ ਹੈ। ਉਧਰ ਵਿਰੋਧੀ ਧਿਰਾਂ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਬਜਟ ਸੈਸ਼ਨ ਦੌਰਾਨ ਸਾਰੇ ਮੁੱਦੇ ਮਿਲ ਕੇ ਚੁੱਕੇਗਾ। ਉਂਝ ਵਿਰੋਧੀ ਧਿਰਾਂ ਨੇ ਮਹਾਂਕੁੰਭ ਤਰਾਸਦੀ ਅਤੇ ਯੂਪੀ ਸਰਕਾਰ ਵੱਲੋਂ ਆਮ ਸ਼ਰਧਾਲੂਆਂ ਦੀ ਥਾਂ ਵੀਆਈਪੀ ਕਲਚਰ ਵੱਲ ਵਧੇਰੇ ਧਿਆਨ ਦੇਣ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕੰਮਕਾਰ ਸਲਾਹਕਾਰ ਕਮੇਟੀ 31 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਏਜੰਡੇ ਬਾਰੇ ਫ਼ੈਸਲਾ ਕਰੇਗੀ। ਰਿਜਿਜੂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਸਰਬ ਪਾਰਟੀ ਮੀਟਿੰਗ ਨੂੰ ਉਸਾਰੂ ਦੱਸਿਆ ਤੇ ਵਿਰੋਧੀ ਧਿਰ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਅਤੇ ਕੇਂਦਰੀ ਬਜਟ ’ਤੇ ਚਰਚਾ ਮੁੱਖ ਤਰਜੀਹਾਂ ਹਨ। ਐੱਨਡੀਏ ਸਰਕਾਰ ’ਚ ਭਾਜਪਾ ਦੀ ਸਹਿਯੋਗੀ ਜਨਤਾ ਦਲ (ਯੂ) ਨੇ ਬੈਠਕ ਦੌਰਾਨ ‘ਇੱਕ ਦੇਸ਼, ਇੱਕ ਚੋਣ’ ਸਬੰਧੀ ਬਿੱਲਾਂ ’ਤੇ ਵਿਚਾਰ ਲਈ ਗਠਿਤ ਸਾਂਝੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਾਉਣ ਦੀ ਮੰਗ ਕੀਤੀ ਹੈ ਜਦਕਿ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਬਿਹਾਰ ਲਈ ‘ਵਿਸ਼ੇਸ਼ ਸਨਅਤੀ ਪੈਕੇਜ’ ਦੀ ਮੰਗ ਕੀਤੀ। -ਪੀਟੀਆਈ