For the best experience, open
https://m.punjabitribuneonline.com
on your mobile browser.
Advertisement

ਸਰਬ ਪਾਰਟੀ ਬੈਠਕ: ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ

12:24 PM Jul 21, 2024 IST
ਸਰਬ ਪਾਰਟੀ ਬੈਠਕ  ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ
Advertisement

ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕਿਰਨ ਰਿਜਿਜੂ, ਭਾਜਪਾ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਚਿਰਾਗ ਪਾਸਵਾਨ, ਕਾਂਗਰਸ ਦੇ ਗੌਰਵ ਗੋਗੋਈ ਤੇ ਜੈਰਾਮ ਰਮੇਸ਼, ਅਸਦੂਦੀਨ ਓਵਾਇਸੀ, ‘ਆਪ’ ਦੇ ਸੰਜੈ ਸਿੰਘ, ਸਪਾ ਆਗੂ ਰਾਮਗੋਪਾਲ ਯਾਦਵ ਆਦਿ ਸ਼ਾਮਲ

Advertisement

ਨਵੀਂ ਦਿੱਲੀ, 21 ਜੁਲਾਈ

ਸਰਬ ਪਾਰਟੀ ਬੈਠਕ ਦੌਰਾਨ ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਬੈਠਕ ਦੌਰਾਨ ਪੇਪਰ ਲੀਕ ਸਣੇ ਮਾਣਮੱਤੀ ਨੀਟ ਪ੍ਰੀਖਿਆ ਦਾ ਮਸਲਾ ਵੀ ਰੱਖਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਮੌਨਸੂਨ ਇਜਲਾਸ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਸੁਖਾਲੇ ਢੰਗ ਨਾਲ ਚਲਾਉਣ ਲਈ ਹਰੇਕ ਪਾਰਟੀ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਮਸਲੇ ਰੱਖਣ ਦੀ ਖੁੱਲ੍ਹ ਦਿੱਤੀ ਜਾਵੇ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਗੋਪਾਲ ਯਾਦਵ ਨੇ ਕਾਂਵੜੀਆਂ ਦੇ ਯਾਤਰਾ ਰੂਟ ਦੇ ਰਾਹ ਵਿਚ ਆਉਣ ਵਾਲੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਕਰਨ ਸਬੰਧੀ ਯੂਪੀ ਸਰਕਾਰ ਦੇ ਵਿਵਾਦਿਤ ਹੁਕਮਾਂ ਦਾ ਮੁੱਦਾ ਰੱਖਿਆ। ਵਾਈਐੱਸਆਰ ਕਾਂਗਰਸ ਨੇ ਆਂਧਰਾ ਪ੍ਰਦੇਸ਼ ਵਿਚ ਟੀਡੀਪੀ ਸਰਕਾਰ ਵੱਲੋਂ ਉਨ੍ਹਾਂ ਦੇ ਪਾਰਟੀ ਆਗੂਆਂ ਨੂੰ ਨਿਸ਼ਾਨਾ ਬਣਾਏ ਦੀ ਗੱਲ ਕਰਦਿਆਂ ਕੇਂਦਰੀ ਦਖ਼ਲ ਦੀ ਮੰਗ ਕੀਤੀ।

ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਤੇ ਬੈਠਕ ਦੀ ਕਾਰਵਾਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਚਲਾਈ। ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਸਰਬ ਪਾਰਟੀ ਬੈਠਕ ਦੌਰਾਨ ਜੇਡੀਯੂ ਤੇ ਵਾਈਐੱਸਆਰਸੀਪੀ ਨੇ ਕ੍ਰਮਵਾਰ ਬਿਹਾਰ ਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ, ਪਰ ਟੀਡੀਪੀ ਨੇ ਇਸ ਮੁੱਦੇ ’ਤੇ ਅਜੀਬ ਜਿਹੀ ਚੁੱਪੀ ਧਾਰੀ ਰੱਖੀ। ਰਮੇਸ਼ ਨੇ ਇਹ ਪੋਸਟ ਅਜਿਹੇ ਮੌਕੇ ਪਾਈ ਜਦੋਂ ਸਰਬ ਪਾਰਟੀ ਬੈਠਕ ਜਾਰੀ ਸੀ। ਬੈਠਕ ਵਿਚ ਭਾਜਪਾ ਪ੍ਰਧਾਨ ਜੇਪੀ ਨੱਢਾ, ਕਾਂਗਰਸ ਆਗੂ ਗੌਰਵ ਗੋਗੋਈ ਅਤੇ ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਸਣੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਹਨ। ਸਰਕਾਰ ਦਾ ਪੱਖ ਰੱਖਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੀ ਬੈਠਕ ਵਿਚ ਸ਼ਾਮਲ ਹਨ। ਬੈਠਕ ਵਿਚ ਹਾਜ਼ਰ ਹੋਰਨਾਂ ਆਗੂਆਂ ਵਿਚ ਕਾਂਗਰਸ ਦੇ ਜੈਰਾਮ ਰਮੇਸ਼ ਤੇ ਕੇ.ਸੁਰੇਸ਼, ਏਆਈਐੱਮਆਈਐੱਮ ਦੇ ਅਸਦੂਦੀਨ ਓਵਾਇਸੀ, ਆਰਜੇਡੀ ਦੇ ਅਭੈ ਖ਼ੁਸ਼ਵਾਹਾ, ਜੇਡੀਯੂ ਦੇ ਸੰਜੈ ਝਾਅ, ‘ਆਪ’ ਦੇ ਸੰਜੈ ਸਿੰਘ, ਸਪਾ ਆਗੂ ਰਾਮਗੋਪਾਲ ਯਾਦਵ ਤੇ ਐੱਨਸੀਪੀ ਦੇ ਪ੍ਰਫੁੱਲ ਪਟੇਲ ਆਦਿ ਸ਼ਾਮਲ ਹਨ।

ਸੋਮਵਾਰ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਇੰੰਡੀਆ ਗੱਠਜੋੜ ਦੇ ਬੈਨਰ ਹੇਠ ਇਕੱਠੀਆਂ ਹੋਈਆਂ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਨੀਟ ਪੇਪਰ ਲੀਕ ਕੇਸ ਤੇ ਰੇਲਵੇ ਸੁਰੱਖਿਆ ਸਣੇ ਹੋਰਨਾਂ ਮੁੱਦਿਆਂ ’ਤੇ ਘੇਰਿਆ ਜਾਵੇਗਾ। ਮੌਨਸੂਨ ਇਜਲਾਸ ਸੋਮਵਾਰ ਤੋਂ ਸ਼ੁਰੂ ਹੋਵੇਗਾ ਤੇ 12 ਅਗਸਤ ਤੱਕ ਚੱਲਣ ਵਾਲੇ ਇਜਲਾਸ ਦੀਆਂ 19 ਬੈਠਕਾਂ ਹੋਣਗੀਆਂ ਤੇ ਇਸ ਦੌਰਾਨ ਸਰਕਾਰ ਵੱਲੋਂ 6 ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਬਿੱਲਾਂ ਵਿਚੋਂ ਇਕ ਬਿੱਲ 90 ਸਾਲ ਪੁਰਾਣੇ ਏਅਰਕ੍ਰਾਫਟ ਐਕਟ ਦੀ ਥਾਂ ਲਏਗਾ। ਇਜਲਾਸ ਦੌਰਾਨ ਜੰਮੂ ਕਸ਼ਮੀਰ, ਜੋ ਕੇਂਦਰੀ ਰਾਜ ਦੇ ਅਧੀਨ ਹੈ, ਲਈ ਬਜਟ ਪ੍ਰਵਾਨਗੀ ਵੀ ਲਈ ਜਾਵੇਗੀ। ਵਿੱਤ ਮੰਤਰੀ ਸੀਤਾਰਮਨ ਸੋਮਵਾਰ ਨੂੰ ਸੰਸਦ ਵਿਚ ਆਰਥਿਕ ਸਰਵੇਖਣ ਪੇਸ਼ ਕਰਨਗੇ। -ਪੀਟੀਆਈ

Advertisement
Author Image

Advertisement
Advertisement
×