ਨਵੀਂ ਸਿੱਖਿਆ ਨੀਤੀ ਵਿਰੁੱਧ ਆਲ ਇੰਡੀਆ ਸਟੂਡੈਂਟਸ ਕਾਨਫਰੰਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਨਵੰਬਰ
ਆਲ ਇੰਡੀਆ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏਆਈਡੀਐੱਸਓ) ਦੇ ਸੱਦੇ ‘ਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵਿਰੋਧ ਵਿੱਚ ਦਸਵੀਂ ਆਲ ਇੰਡੀਆ ਸਟੂਡੈਂਟਸ ਕਾਨਫਰੰਸ ਦੀ ਤਿੰਨ ਰੋਜ਼ਾ ਕਾਨਫਰੰਸ ਕੀਤੀ ਗਈ। ਕਾਨਫਰੰਸ ਦੇ ਖੁੱਲ੍ਹੇ ਸੈਸ਼ਨ ਦੀ ਸਟੇਜ ਸ਼ਹੀਦ ਬਿਰਸਾ ਮੁੰਡਾ ਨੂੰ ਸਮਰਪਿਤ ਰਹੀ ਅਤੇ ਇਸ ਦਾ ਨਾਂ ਸ਼ਹੀਦ ਬਿਰਸਾ ਮੁੰਡਾ ਮੰਚ ਰੱਖਿਆ ਗਿਆ ਸੀ। ਖੁੱਲ੍ਹਾ ਸੈਸ਼ਨ ਸੰਸਥਾ ਦਾ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਗਿਆ। ਹਵਾਲਾ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਅਰਥਸ਼ਾਸਤਰੀ ਪ੍ਰੋਫੈਸਰ ਅਰੁਣ ਕੁਮਾਰ ਨੇ ਕੀਤਾ, ਕਲਾ ਪ੍ਰਦਰਸ਼ਨੀ ਦਾ ਉਦਘਾਟਨ ਡੂਟਾ ਦੀ ਸਾਬਕਾ ਚੇਅਰਪਰਸਨ ਪ੍ਰੋਫੈਸਰ ਨੰਦਿਤਾ ਨਰਾਇਣ ਨੇ ਕੀਤਾ ਅਤੇ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਾਨਫਰੰਸ ਲਈ ਬਣਾਈ ਗਈ ਸਵਾਗਤੀ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਦਿਵੇਂਦੂ ਮੈਤੀ ਨੇ ਕੀਤਾ।
ਪ੍ਰੋਫੈਸਰ ਚਮਨ ਲਾਲ ਨੇ ਓਪਨ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਨੇ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਮਨੁੱਖੀ ਵਿਕਾਸ, ਚਰਿੱਤਰ ਨਿਰਮਾਣ ਅਤੇ ਆਜ਼ਾਦੀ ਦੀ ਲਹਿਰ ਦੇ ਮਹਾਨ ਪੁਰਸ਼ਾਂ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਏਆਈਡੀਐੱਸਓ ਦੇ ਸਾਬਕਾ ਕੌਮੀ ਪ੍ਰਧਾਨ ਅਰੁਣ ਕੁਮਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਪਿਛਲੇ ਸਮੇਂ ਵਿਚ ਵਿਦਿਆਰਥੀ ਅੰਦੋਲਨਾਂ ਦੇ ਇਤਿਹਾਸ ਦਾ ਜ਼ਿਕਰ ਕੀਤਾ। ਇਤਿਹਾਸਕਾਰ ਪ੍ਰੋਫ਼ੈਸਰ ਇਰਫ਼ਾਨ ਹਬੀਬ ਵੱਲੋਂ ਵੀਡੀਓ ਸੰਦੇਸ਼ ਦੀ ਸਕਰੀਨਿੰਗ ਕੀਤੀ ਗਈ ਅਤੇ ਇਸ ਦੇ ਨਾਲ ਪ੍ਰਾਚੀਨ ਇਤਿਹਾਸ ਬਾਰੇ ਪ੍ਰੋਫ਼ੈਸਰ ਰੋਮਿਲਾ ਥਾਪਰ ਦਾ ਲਿਖਤੀ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਸੰਸਥਾ ਦੇ ਜਨਰਲ ਸਕੱਤਰ ਸੌਰਭ ਘੋਸ਼ ਨੇ ਕੀਤੀ।