ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਨੇ ਸਥਾਪਨਾ ਦਿਵਸ ਮਨਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਕਤੂਬਰ
ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਦੀ ਪੰਜਾਬ ਰਾਜ ਇਕਾਈ ਨੇ ਆਪਣਾ 40ਵਾਂ ਸਥਾਪਨਾ ਦਿਵਸ ਅੱਜ ਪਟਿਆਲਾ ਮੀਡੀਆ ਕਲੱਬ ਵਿੱਚ ਮਨਾਇਆ। ਇਹ ਬੈਂਕ ਅਧਿਕਾਰੀਆਂ ਦੀ ਸਰਵਉੱਚ ਸੰਸਥਾ ਹੈ, ਜਿਸ ਦੇ ਮੈਂਬਰਾਂ ਵਜੋਂ 3.5 ਲੱਖ ਤੋਂ ਵੱਧ ਬੈਂਕ ਅਧਿਕਾਰੀ ਹਨ। ਇਸ ਮੌਕੇ ਏਆਈਬੀਓਸੀ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਐਬੋਕ ਪਿਛਲੇ 4 ਦਹਾਕਿਆਂ ਤੋਂ ਜਨਤਕ ਖੇਤਰ ਦੇ ਬੈਂਕਾਂ ਨਿੱਜੀ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਏਆਈਬੀਓਸੀ ਨੇ ਪਹਿਲਾਂ ਹੀ ਦੇਸ਼ ਭਰ ਵਿੱਚ ਇੱਕ ਅੰਦੋਲਨ ‘ਬੈਂਕ ਬਚਾਓ ਦੇਸ਼ ਬਚਾਓ’ ਸ਼ੁਰੂ ਕੀਤਾ ਹੈ ਅਤੇ ਭਾਰਤ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਲੜਨ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੌਕੇ ਏਆਈਬੀਓਸੀ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਬੈਂਕਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਰਾਸ਼ਟਰੀਕਰਨ ਦੇ ਸਿਧਾਂਤ ਨੂੰ ਸੁਰੱਖਿਅਤ ਰੱਖਣ ਅਤੇ ਖ਼ੁਸ਼ਹਾਲ ਭਵਿੱਖ ਲਈ ਸਾਡੇ ਵਿੱਤੀ ਖੇਤਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ। ਇਸ ਮੌਕੇ ਬਿਨੈ ਸਿਨਹਾ, ਦਿਨੇਸ਼ ਗੁਪਤਾ, ਜਸਬੀਰ ਸਿੰਘ, ਮਨੀਸ਼ ਕੁਮਾਰ, ਪੁਨੀਤ ਕੱਦ, ਚੇਤਨ ਸ਼ਰਮਾ, ਕਪਿਲ ਕੁਮਾਰ ਅਤੇ ਓਮ ਪ੍ਰਕਾਸ਼ ਆਦਿ ਸ਼ਾਮਲ ਹਨ।