ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ
ਹਤਿੰਦਰ ਮਹਿਤਾ
ਜਲੰਧਰ, 19 ਨਵੰਬਰ
17ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ ਦੇ ਉਦਘਾਟਨੀ ਮੈਚ ਵਿੱਚ ਕਸ਼ਿਤਿਜ ਹਾਈ ਸਕੂਲ ਜਮਸ਼ੇਦਪੁਰ ਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 11-2 ਦੇ ਫ਼ਰਕ ਨਾਲ ਅਤੇ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਨੂੰ 2-0 ਨਾਲ ਹਰਾ ਕੇ ਲੀਗ ਦੌਰ ਵਿੱਚ ਤਿੰਨ-ਤਿੰਨ ਅੰਕ ਹਾਸਲ ਕੀਤੇ। ਕਸ਼ਿਤਿਜ ਸਕੂਲ ਜਮਸ਼ੇਦਪੁਰ ਦੇ ਪ੍ਰਹਲਾਦ ਰਾਜਭਰ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਕੀਤੀ। ਟੂਰਨਾਮੈਂਟ ਦਾ ਉਦਘਾਟਨ ਡਾ. ਆਰਐੱਸ ਬਾਵਾ ਨੇ ਕੀਤਾ।
ਉਦਘਾਟਨੀ ਮੈਚ ਪੂਲ ‘ਡੀ’ ਵਿੱਚ ਕਸ਼ਿਤਿਜ ਹਾਈ ਸਕੂਲ ਜਮਸ਼ੇਦਪੁਰ ਤੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਦਰਮਿਆਨ ਖੇਡਿਆ ਗਿਆ। ਕਸ਼ਿਤਿਜ ਸਕੂਲ ਵਲੋਂ ਉਜਵਲ ਪਾਲ ਨੇ ਖੇਡ ਦੇ 5ਵੇਂ ਅਤੇ 15ਵੇਂ ਮਿੰਟ ਵਿੱਚ, ਪ੍ਰਹਲਾਦ ਰਾਜਭਰ ਨੇ 24ਵੇਂ ਅਤੇ 28ਵੇਂ ਮਿੰਟ ਵਿੱਚ ਅਤੇ ਆਤਿਸ਼ ਦੋਦਰਾਏ ਨੇ ਖੇਡ ਦੇ 12ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂਕਿ ਲੁਧਿਆਣਾ ਵੱਲੋਂ 30ਵੇਂ ਮਿੰਟ ਵਿੱਚ ਕਰਨਜੋਤ ਸਿੰਘ ਨੇ ਗੋਲ ਕਰ ਕੇ ਸਕੋਰ 1-5 ਕੀਤਾ। ਖੇਡ ਦੇ 38ਵੇਂ ਮਿੰਟ ਵਿੱਚ ਜਮਸ਼ੇਦਪੁਰ ਪ੍ਰਦੀਪ ਨੇ ਗੋਲ ਕਰ ਕੇ ਸਕੋਰ 6-1 ਕੀਤਾ। 59ਵੇਂ ਮਿੰਟ ਵਿੱਚ ਲੁਧਿਆਣਾ ਦੇ ਲਵਪ੍ਰੀਤ ਨੇ ਗੋਲ ਕਰ ਕੇ ਸਕੋਰ 2-10 ਕੀਤਾ ਜਦੋਂਕਿ ਆਖ਼ਰੀ ਮਿੰਟ ਵਿੱਚ ਜਮਸ਼ੇਦਪੁਰ ਦੇ ਪ੍ਰਦੀਪ ਨੇ ਗੋਲ ਕਰ ਕੇ ਸਕੋਰ 11-2 ਕਰ ਕੇ ਮੈਚ ਜਿੱਤ ਲਿਆ। ਕਸ਼ਿਤਿਜ ਸਕੂਲ ਜਮਸ਼ੇਦਪੁਰ ਦੇ ਪ੍ਰਹਲਾਦ ਰਾਜਭਰ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ, ਉਸ ਨੂੰ ਹਾਕੀ ਸਟਿਕ ਨਾਲ ਸਨਮਾਨਿਆ ਗਿਆ।
ਪੂਲ ‘ਏ’ ਦੇ ਮੈਚ ਵਿੱਚ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਨੇ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਨੂੰ 2-0 ਨਾਲ ਹਰਾ ਕੇ ਤਿੰਨ ਅੰਕ ਹਾਸਲ ਕਰ ਲਏ। ਡਿਵਾਈਨ ਸਕੂਲ ਵਲੋਂ 26ਵੇਂ ਮਿੰਟ ਵਿੱਚ ਪਰਵੀਨ ਨੇ ਗੋਲ ਕਰ ਕੇ ਖਾਤਾ ਖੋਲ੍ਹਿਆ। 50ਵੇਂ ਮਿੰਟ ਵਿੱਚ ਸ਼ਾਹਬਾਦ ਦੇ ਹਰਮਨਦੀਪ ਸਿੰਘ ਨੇ ਗੋਲ ਕਰ ਕੇ ਸਕੋਰ 2-0 ਕਰ ਕੇ ਮੈਚ ਆਪਣੇ ਨਾਂਅ ਕੀਤਾ। ਡਿਵਾਈਨ ਪਬਲਿਕ ਸਕੂਲ ਦੇ ਪਰਵੀਨ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਤੇ ਹਾਕੀ ਸਟਿਕ ਨਾਲ ਸਨਮਾਨਿਆ।
ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਸਮੇਂ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਸਈਅਦ ਅਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਅੱਜ ਹੋਣ ਵਾਲੇ ਮੈਚ
ਟੂਰਨਾਮੈਂਟ ਦੌਰਾਨ 20 ਨਵੰਬਰ ਨੂੰ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੈਂਗਲੁਰੂ ਬਨਾਮ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ 10 ਵਜੇ, ਸਰਕਾਰੀ ਮਾਡਲ ਸਕੂਲ ਜਲੰਧਰ ਬਨਾਮ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ 11.45 ਵਜੇ, ਸਰਕਾਰੀ ਸਕੂਲ ਕੁਰਾਲੀ ਬਨਾਮ ਸਟੇਟ ਸਪੋਰਟਸ ਹਾਸਟਲ ਲਖਨਊ 1.30 ਵਜੇ ਅਤੇ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਬਨਾਮ ਮਾਲਵਾ ਖਾਲਸਾ ਸਕੂਲ ਲੁਧਿਆਣਾ ਦਾ ਮੈਚ 3.00 ਵਜੇ ਖੇਡਿਆ ਜਾਵੇਗਾ।