ਏਥੇ ਸਾਰੇ ਕੱਲੇ
ਮੇਲੇ ਵਿੱਚ ਨੇ ਕੱਲੇ ਵੇਖ
ਏਥੇ ਸਾਰੇ ਝੱਲੇ ਵੇਖ।
ਪੰਛੀ ਲੋਚੇ ਅੰਬਰ ਨੂੰ
ਪੈਰ ਗ਼ੁਲਾਮੀ ਛੱਲੇ ਵੇਖ।
ਸੂਹ ਸੀ ਤੇਰੇ ਆਵਣ ਦੀ,
ਸੱਧਰਾਂ ਆ ਦਰ ਮੱਲੇ ਵੇਖ।
ਅਮਨ ਸਲਾਮਤ ਰੱਖਣ ਲਈ
ਤੋਪਾਂ ਗੋਲੇ ਚੱਲੇ ਵੇਖ।
ਤੇਰੇ ਬਖ਼ਸ਼ੇ ਸਾਂਭੇ ਗ਼ਮ,
ਹੋਰ ਨਹੀਂ ਕੁਝ ਪੱਲੇ ਵੇਖ।
ਯਾਰ ਤੇ ਦੁਸ਼ਮਣ ਦੋਵੇਂ ਹੀ,
ਲੁੱਟਣ ਇੱਕੋ ਹੱਲੇ ਵੇਖ।
ਸੰਪਰਕ: 96468-48766
ਧਰਤ
ਮੁਹੱਬਤ ਦਾ ਪਾਣੀ ਲਾਈਏ, ਚਿਰਾਂ ਤੋਂ ਧਰਤ ਪਈ ਬੰਜਰ ਨੂੰ।
ਮੈਂ ਜਾ ਆਇਆ ਹਾਂ ਮਸਜਿਦ, ਤੂੰ ਵੀ ਹੋ ਆ ਮੰਦਰ ਨੂੰ।
ਉਹ ਤਾਂ ਲਾਂਬੂ ਲਾਉਂਦੇ ਰਹੇ, ਸਦੀਆਂ ਤੋਂ ਨੇ ਇੱਥੇ,
ਧਰਮਾਂ ਦੇ ਨਾਂ ਤੇ ਨਫ਼ਰਤ, ਬਹੁਤ ਸਹਿ ਲਿਆ ਇਹ ਮੰਜ਼ਰ ਨੂੰ।
ਲਹੂ ਵਹਿ ਤੁਰਦਾ ਅੱਜ ਵੀ, ਅੱਖਾਂ ਵਿੱਚੋਂ ਜਦ ਦੇਖਾਂ,
ਉੱਜੜੇ ਘਰ ਲਟਕਣ ਤਾਲੇ, ਹੋਈ ਹਵੇਲੀ ਖੰਡਰ ਨੂੰ।
ਜਾਤਾਂ ਦੇ ਨਾਂ ਉਨ੍ਹਾਂ, ਗੁਰਦੁਆਰੇ ਮਸਜਿਦ ਮੰਦਰ ਬਣਾ ਦਿੱਤੇ,
ਮੂੰਹ ’ਚ ਵਾਹਿਗੁਰੂ ਅੱਲ੍ਹਾ ਰਾਮ, ਕੱਛ ’ਚ ਲਈ ਫਿਰਦੇ ਖੰਜਰ ਨੂੰ।
ਚੱਲੋ ਰਲ-ਮਿਲ ਇੱਥੇ, ਮੁਹੱਬਤਾਂ ਦੇ ਅੱਜ ਫੁੱਲ ਉਗਾਈਏ,
ਵੰਡ ਲਈ ਬਹੁਤੀ ਧਰਤੀ ਆਪਾਂ, ਨਾ ਵੰਡੀਏ ਹੁਣ ਅੰਬਰ ਨੂੰ।
ਜਾਤ-ਪਾਤ ਨਸਲ ਧਰਮਾਂ ਦੇ, ਵਿਤਕਰੇ ਹੁਣ ਮਿਟਾ ਦੇਈਏ,
ਇਕੱਠੇ ਬੈਠ ਛਕੀਏ ‘ਫ਼ੌਜੀ’, ਨਾਨਕ ਦੇ ਉਸ ਲੰਗਰ ਨੂੰ।
ਸੰਪਰਕ: 98143-98762
* * *
ਜੋਗੀ
ਪ੍ਰੋ. ਮਹਿੰਦਰਪਾਲ ਸਿੰਘ ਘੁਡਾਣੀ
ਸੱਚੋ ਸੱਚ ਤੂੰ ਬੋਲ ਵੇ ਜੋਗੀ
ਦਿਲ ਦੀ ਘੁੰਢੀ ਖੋਲ੍ਹ ਵੇ ਜੋਗੀ।
ਰਾਤਾਂ ਨੇ ਹਟਕੋਰੇ ਭਰੀਆਂ,
ਤੂੰ ਵੀ ਜ਼ਹਿਰ ਨਾ ਘੋਲ ਵੇ ਜੋਗੀ।
ਝੂਠੇ ਕਦੀ ਵੀ ਬਾਜ਼ ਨਹੀਂ ਆਉਂਦੇ,
ਤੂੰ ਵੀ ਕੁਫ਼ਰ ਨਾ ਤੋਲ ਵੇ ਜੋਗੀ।
ਰਾਤ ਪਿੱਛੋਂ ਪ੍ਰਭਾਤ ਹੈ ਆਉਂਦੀ,
ਬਹਿ ਕੇ ਦੱਸ ਤੂੰ ਕੋਲ ਵੇ ਜੋਗੀ।
ਉਹ ਬੜਾ ਮਾਸੂਮ ਹੁੰਦਾ ਹੈ,
ਜੋ ਬਣਦਾ ਸਮਤੋਲ ਵੇ ਜੋਗੀ।
ਆ ਬੈਠ ਤੈਨੂੰ ਦਰਦ ਸੁਣਾਵਾਂ,
ਬਹਿ ਕੇ ਸੁਣ ਤੂੰ ਕੋਲ ਵੇ ਜੋਗੀ।
ਸੱਚ ਸਦਾ ਸੱਚ ਹੀ ਰਹਿੰਦਾ,
ਮਿੱਟੀ ਐਵੇਂ ਨਾ ਫਰੋਲ ਵੇ ਜੋਗੀ।
ਰਾਂਝੇ ਤੋਂ ਕਦੀ ਹੀਰ ਨਾ ਵਿਛੜੇ,
ਐਸਾ ਹੱਲ ਕੋਈ ਟੋਲ ਵੇ ਜੋਗੀ।
ਸੰਪਰਕ: 98147-39531