ਅਕਾਲੀ ਉਮੀਦਵਾਰ ਦੀ ਪਲੇਠੀ ਫੇਰੀ ’ਤੇ ਇਕੱਠੇ ਹੋਏ ਸਾਰੇ ਧੜੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਪਰੈਲ
ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ ਨੇ ਟਿਕਟ ਮਿਲਣ ਤੋਂ ਅਗਲੇ ਹੀ ਦਿਨ ਅੱਜ ਹਲਕੇ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹ ਜਿੱਥੇ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਸ੍ਰੀ ਕਾਲੀ ਮਾਤਾ ਮੰਦਰ ਨਤਮਸਤਕ ਹੋਏ, ਉਥੇ ਹੀ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਡੇਰਾਬਸੀ ਤੋਂ ਲੈ ਕੇ ਪਟਿਆਲਾ ਤੱਕ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦਾ ਅਕਾਲੀ ਦਲ ਦੇ ਸਾਰੇ ਹੀ ਧੜਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਅਸਲ ’ਚ ਇਥੇ ਚੰਦੂਮਾਜਰਾ ਅਤੇ ਰੱਖੜਾ ਧੜਿਆਂ ਦਰਮਿਆਨ ਚਿਰਾਂ ਤੋਂ ਚੱਲੀ ਆ ਰਹੀ ਗੁੱਟਬੰਦੀ ਦੇ ਚੱਲਦਿਆਂ ਵਰਕਰ ਵੀ ਦੋ ਧਿਰਾਂ ਵਿਚ ਵੰਡੇ ਜਾਂਦੇ ਸਨ ਪਰ ਐਤਕੀਂ ਪਾਰਟੀ ਵੱਲੋਂ ਨਰਿੰਦਰ ਸ਼ਰਮਾ ਨੂੰ ਸਾਰਿਆਂ ਨੇ ਪ੍ਰਵਾਨ ਕਰ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਇਸ ਕਦਰ ਜ਼ਿਲ੍ਹੇ ਦੇ ਅਕਾਲੀ ਇਕਜੁੱਟ ਨਜ਼ਰ ਆਏ ਹਨ। ਇਸ ਦੌਰਾਨ ਹਲਕਾ ਇੰਚਾਰਜਾਂ ਸੁਰਜੀਤ ਰੱਖੜਾ, ਹਰਿੰਦਰਪਾਲ ਚੰਦੂਮਾਜਰਾ, ਭੁਪਿੰਦਰ ਸ਼ੇਖੂਪੁਰ, ਅਮਰਿੰਦਰ ਬਜਾਜ, ਚਰਨਜੀਤ ਬਰਾੜ, ਬਿੱਟੂ ਚੱਠਾ, ਕਬੀਰ ਦਾਸ, ਮੱਖਣ ਲਾਲਕਾ, ਅਮਿਤ ਰਾਠੀ, ਸ਼੍ਰੋਮਣੀ ਕਮੇਟੀ ਮੈਂਬਰਾਂ ਜਸਮੇਰ ਲਾਛੜੂ ਤੇ ਜਰਨੈਲ ਕਰਤਾਰਪੁਰ, ਸਾਧੂ ਖਲੌਰ, ਜਸਵਿੰਦਰ ਜੱਸੀ, ਜਗਮੀਤ ਹਰਿਆਊ, ਹਰਪ੍ਰੀਤ ਕੌਰ ਮੁਖਮੈਲਪੁਰਾ, ਯੂਥ ਪ੍ਰਧਾਨ ਗੁਰਸੇਵਕ ਲੰਗ, ਕਰਨਬੀਰ ਸਾਹਨੀ, ਜ਼ਿਲ੍ਹਾ ਪ੍ਰਧਾਨ ਧਰਮਿੰਦਰ ਭੱਜੋਵਾਲੀ, ਜਗਜੀਤ ਕੋਹਲੀ ਆਦਿ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਵਿਚ ਗੂੰਜਣਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ, ਫਸਲਾਂ ’ਤੇ ਐਮਐਸਪੀ ਦੀ ਗਾਰੰਟੀ ਸਮੇਤ ਪੰਜਾਬ ਨੂੰ ਦਰਪੇਸ਼ ਸਾਰੇ ਭਖਦੇ ਮਸਲੇ ਚੁੱਕਣਗੇ।
ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਧਾਰਮਿਕ ਸਥਾਨ ’ਤੇ ਮੱਥਾ ਟੇਕਿਆ
ਦੇਵੀਗੜ੍ਹ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਐੱਨਕੇ ਸ਼ਰਮਾ ਨੇ ਪਿੰਡ ਘੜਾਮ ਦੇ ਵੱਖ ਵੱਖ ਇਤਿਹਾਸਿਕ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ। ਉਨ੍ਹਾਂ ਨੇ ਚੋਣ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਬਾਬਾ ਸ਼ੰਕਰ ਗਿਰ ਔਲੀਆ ਮੰਦਿਰ ਘੜਾਮ ਵਿਖੇ ਮੱਥਾ ਟੇਕਿਆ ਅਤੇ ਬਾਅਦ ਵਿੱਚ ਪੀਰ ਭੀਖਮ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਿਆ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਪਹੁੰਚੇ। ਇਸ ਮੌਕੇ ਅਕਾਲੀ ਦਲ ਦੇ ਆਗੂਆਂ ਵੱਲੋਂ ਐੱਨਕੇ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਐਨ. ਕੇ. ਸ਼ਰਮਾ ਨੇ ਮਾਤਾ ਕੁਸ਼ੱਲਿਆ ਦੇਵੀ ਮੰਦਿਰ ਘੜਾਮ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਸ਼੍ਰੌਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਤਰਸੇਮ ਸਿੰਘ ਕੋਟਲਾ, ਗੁਰਦੀਪ ਸਿੰਘ ਦੇਵੀਨਗਰ, ਗੁਰਬਖਸ਼ ਸਿੰਘ ਟਿਵਾਣਾ, ਭਰਪੂਰ ਸਿੰਘ ਮਹਿਤਾਬਗੜ੍ਹ, ਸ਼ਾਨਵੀਰ ਸਿੰਘ ਬ੍ਰਹਮਪੁਰ, ਬਿਕਰਮਜੀਤ ਸਿੰਘ ਫਰੀਦਪੁਰ, ਯਸ਼ਪਾਲ ਖੰਨਾ, ਸਤਨਾਮ ਸਿੰਘ ਨੰਦਗੜ੍ਹ, ਗੁਰਜੀਤ ਸਿੰਘ ਉਪਲੀ,ਜ ੋਬਨ ਸੰਧੂ, ਸੱਜਣ ਸਿੰਘ ਚੂੰਹਟ ਤੇ ਬਲਬੀਰ ਸਿੰਘ ਟਿਵਾਣਾ ਅਦਿ ਹਾਜ਼ਰ ਸਨ।