‘ਆਪ’ ਦੇ ਸਾਰੇ ਉਮੀਦਵਾਰ ਜਿੱਤਣਗੇ: ਕਾਕਾ ਬਰਾੜ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਦਸੰਬਰ
ਬਰੀਵਾਲਾ ਨਗਰ ਪੰਚਾਇਤ ਦੇ 11 ਵਾਰਡਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ 38 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਆਮ ਆਦਮੀ ਪਾਰਟੀ ਨੇ ਸਾਰੇ 11 ਵਾਰਡਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਵੱਲੋਂ 8 ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ ਹਨ ਜਦੋਂਕਿ ਭਾਜਪਾ ਨੇ 6 ਵਾਰਡਾਂ ’ਚ ਚੋਣ ਲੜਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਅਕਾਲੀ ਦਲ ਨੇ 6 ਵਾਰਡਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਜਦੋਂਕਿ 7 ਵਾਰਡਾਂ ’ਚ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ਉਮੀਦਵਾਰ ਦੀ ਜਿੱਤ-ਹਾਰ ਦਾ ਫ਼ੈਸਲਾ 21 ਦਸੰਬਰ ਨੂੰ ਵੋਟਾਂ ਪੈਣ ਉਪਰੰਤ ਹੋਵੇਗਾ। ਇਥੇ ਕਈ ਵਾਰਡਾਂ ’ਚ ਬਹੁਤ ਸਖਤ ਮੁਕਾਬਲਾ ਹੈ।
ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੀ ਪੂਜਾ ਅਤੇ ਆਜ਼ਾਦ ਉਮੀਦਵਾਰ ਵਨੀਤਾ ਰਾਣੀ ’ਚ ਸਿੱਧਾ ਮੁਕਾਬਲਾ ਹੈ ਜਦੋਂਕਿ ਵਾਰਡ ਨੰਬਰ 1 ਵਿੱਚ ‘ਆਪ’ ਦੀ ਸੁਖਦੀਪ ਕੌਰ, ਆਜ਼ਾਦ ਹਰਦੀਪ ਕੌਰ ਤੇ ਭਾਜਪਾ ਦੀ ਹਰਬੰਸ ’ਚ ਮੁਕਾਬਲਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 3 ਵਿੱਚ ਆਜ਼ਾਦ ਅੰਗਰੇਜ਼ ਕੌਰ, ਆਪ ਦੀ ਦਿਜੀਤ ਕੌਰ ਅਤੇ ਭਾਜਪਾ ਦੀ ਰਾਣੀ ਦੇਵੀ ਵਿੱਚ ਮੁਕਾਬਲਾ ਹੈ।
ਰਾਜਬਲਵਿੰਦਰ ਮਰਾੜ੍ਹ ਨੇ ਛੇ ਉਮੀਦਵਾਰ ਖੜ੍ਹੇ ਕੀਤੇ
ਸਾਬਕਾ ਵਿਧਾਇਕ ਸਰਵਗੀ ਸੁਖਦਰਸ਼ਨ ਸਿੰਘ ਮਰਾੜ੍ਹ ਦੇ ਪਿੰਡ ਮਰਾੜ੍ਹ ਦੇ ਨਾਲ ਲੱਗਦੀ ਮੰਡੀ ਬਰੀਵਾਲਾ ’ਚ ਮਰਾੜ੍ਹ ਪਰਿਵਾਰ ਦਾ ਖਾਸਾ ਸਿਆਸੀ ਅਸਰ ਰਿਹਾ ਹੈ। ਇਸ ਸਿਆਸੀ ਹੋਂਦ ਨੂੰ ਬਰਕਰਾਰ ਰੱਖਣ ਲਈ ਸ੍ਰੀ ਮਰਾੜ੍ਹ ਦੇ ਪੁਲੀਸ ਅਧਿਕਾਰੀ ਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਵੱਲੋਂ ਪਹਿਲਾਂ ਪੰਚਾਇਤ ਚੋਣਾਂ ’ਚ ਆਪਣੇ ਗਰੁੱਪ ਨੂੰ ਖੜ੍ਹੇ ਕਰਨ ਤੋਂ ਬਾਅਦ ਹੁਣ ਨਗਰ ਪੰਚਾਇਤ ਚੋਣਾਂ ਵਿੱਚ ਵੀ 6 ਵਾਰਡਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਆਜ਼ਾਦ ਉਮੀਦਵਾਰ ਹਨ ਤੇ ਇਨ੍ਹਾਂ ਦੇ ਚੋਣ ਨਿਸ਼ਾਨ ਬਾਲਟੀ ਹਨ। ਇਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਹਰਦੀਪ ਕੌਰ, ਵਾਰਡ ਨੰਬਰ 2 ਤੋਂ ਟਹਿਲ ਸਿੰਘ, 3 ਤੋਂ ਅੰਗਰੇਜ਼ ਕੌਰ, 4 ਤੋਂ ਬਲਜੀਤ ਕੌਰ, ਵਾਰਡ ਨੰਬਰ 9 ਤੋਂ ਵਨੀਤਾ ਰਾਣੀ ਅਤੇ ਵਾਰਡ 10 ਤੋਂ ਕਸ਼ਿਸ਼ ਬਾਂਸਲ ਹਨ।