ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿੰਦੇ-ਕੁੰਡੇ

06:20 AM Jul 01, 2023 IST
Closed Wood Door with lock in Nepal.

ਦਰਸ਼ਨ ਸਿੰਘ

“ਲੈ ਬਾਈ, ਲਾ ਆਏ ਜਿੰਦੇ-ਕੁੰਡੇ ਆਪਣੇ ਘਰਾਂ ਨੂੰ ਅਸੀਂ ਤਾਂ...।” ਸਾਲ ਕੁ ਲਈ ਆਪਣੇ ਧੀ-ਪੁੱਤ ਕੋਲ ਵਿਦੇਸ਼ ਜਾ ਰਹੇ ਮੇਰੇ ਛੋਟੇ ਭਰਾ ਨੇ ਮੈਨੂੰ ਕਿਹਾ ਜੋ ਜਾਂਦੇ ਹੋਏ ਮੈਨੂੰ ਮਿਲਣ ਲਈ ਮੇਰੇ ਕੋਲ ਘੰਟੇ ਕੁ ਲਈ ਠਹਿਰਿਆ ਸੀ। ਖ਼ੁਸ਼ ਤਾਂ ਹੋਣਾ ਹੀ ਸੀ, ਸੋਚੀਂ ਵੀ ਪੈ ਗਿਆ। ਬੀਤੇ ਦਿਨੀਂ ਕਈ ਘਰਾਂ ਕੋਲੋਂ ਲੰਘਦਿਆਂ ਮੈਂ ਇਹੋ ਕੁਝ ਦੇਖਿਆ ਵੀ ਸੀ। ਕੋਈ ਬੂਹਾ ਖੁੱਲ੍ਹਾ, ਕੋਈ ਬੰਦ। ਸੋਚਿਆ, ਦੋ ਚਾਰ ਦਿਨਾਂ ਪਿੱਛੋਂਂ ਸ਼ਾਇਦ ਕੁਝ ਦਰ ਤਾਂ ਖੁੱਲ੍ਹ ਜਾਣ, ਕੁਝ ਨੂੰ ਮਹੀਨਿਆਂ ਵਰ੍ਹਿਆਂ ਦੀ ਉਡੀਕ ਵਿਚੋਂ ਲੰਘਣਾ ਪਵੇ। ਮੇਰੀਆਂ ਸੋਚਾਂ ਨੂੰ ਇਨ੍ਹਾਂ ਜੰਦਰਿਆਂ ਨੇ ਝੰਜੋੜ ਦਿੱਤਾ ਸੀ। ਦੇਖਦਿਆਂ ਮੈਂ ਕਦੀ ਰੁਕਿਆ, ਸੋਚਿਆ ਤੇ ਤੁਰ ਪਿਆ। ਪਤਾ ਨਹੀਂ ਇਹ ਜੰਦਰੇ ਮੇਰੀਆਂ ਸੋਚਾਂ ਅੰਦਰ ਕਿਉਂ ਘੁੰਮਣ ਲੱਗੇ ਸਨ। ਇਕ ਦੋ ਨੂੰ ਤਾਂ ਮੈਂ ਛੋਹ ਕੇ ਵੀ ਦੇਖਿਆ। ਮਨ ਨੂੰ ਜਾਪੇ, ਜਿਵੇਂ ਇਨ੍ਹਾਂ ਨੂੰ ਪਤਾ ਹੋਵੇ ਕਿ ਸਾਨੂੰ ਖੋਲ੍ਹਣ ਵਾਲੀਆਂ ਚਾਬੀਆਂ ਦੂਰ, ਬਹੁਤ ਦੂਰ ਹਨ। ਛੇਤੀ ਕੀਤੇ ਇਨ੍ਹਾਂ ਨੂੰ ਲੈ ਕੇ ਕਿਸੇ ਕੋਲੋਂ ਪਰਤਿਆ ਨਹੀਂ ਸੀ ਜਾਣਾ। ਬਦਰੰਗ ਤੇ ਜ਼ੰਗਾਲੇ ਹੋਏ ਕੁਝ ਜੰਦਰਿਆਂ ਦੀ ਬੇਉਮੀਦੀ ਕਦੀ ਮੈਨੂੰ ਅੰਦਰੋ-ਅੰਦਰ ਸਤਾਉਣ ਲੱਗਦੀ, ਕਦੀ ਡਰਾਉਣ। ਕਦੀ ਚਾਨਣ ਦੀਆ ਲਕੀਰਾਂ ਵੀ ਦਿਸਦੀਆਂ, ਕਦੀ ਗੂੜ੍ਹ ਹਨੇਰੇ ਵੀ।
ਇਕ ਘਰ ਨੂੰ ਜੰਦਰਾ ਨਹੀਂ ਸੀ ਪਰ ਇਹ ਜੰਦਰਾ ਲੱਗੇ ਘਰ ਜਿਹਾ ਹੀ ਸੀ। ਨਾ ਕੋਈ ਇੱਥੇ ਹਾਸਿਆਂ ਦੇ ਠਹਾਕੇ ਸਨ, ਨਾ ਹੀ ਬੋਲਾਂ ਦੀ ਆਵਾਜ਼। ਬੂਹੇ ਕੋਲ ਚੁੱਪਚਾਪ ਬੈਠੇ ਵਡੇਰੀ ਉਮਰ ਦੇ ਬੰਦੇ ਦੀਆਂ ਪਹਿਰੇਦਾਰੀ ਕਰਦੀਆਂ ਅੱਖਾਂ ਕਦੀ ਬਾਹਰ ਦੇਖਦੀਆਂ, ਕਦੀ ਅੰਦਰ ਦੀ ਗੰਭੀਰ ਚੁੱਪ ’ਚੋਂ ਲੰਘਦੀਆਂ। ਉੱਠਦਾ, ਥੋੜ੍ਹਾ ਜਿਹਾ ਤੁਰਨ ਮਗਰੋਂ ਫਿਰ ਬੈਠ ਜਾਂਦਾ। ਉਦਾਸਿਆ ਜਿਹਾ ਉਸ ਦਾ ਚਿਹਰਾ ਮੇਰੇ ਖ਼ਿਆਲਾਂ ਨੂੰ ਕਿਤੇ ਦਾ ਕਿਤੇ ਲੈ ਗਿਆ।
“ਹੋਰ ਸੁਣਾਉ, ਕੀ ਹਾਲ ਹੈ ਬਾਪੂ ਜੀ?”
“ਮਿਹਰ ਆ ਗੁਰਾਂ ਦੀ।”
“ਨੂੰਹ ਪੁੱਤ ਨੇ ਬਾਹਰੋਂ ਕਦੋਂ ਮੁੜਨਾ?”
“ਪਤਾ ਨੀ। ਆਉਣ ਲਈ ਤਾਂ ਕਦੋਂ ਦੇ ਕਹਿ ਰਹੇ ਹਨ। ਉਡੀਕਾਂ ਤੇ ਉਮੀਦਾਂ ’ਚ ਪਾ ਰੱਖਿਆ...। ਦੇਖੋ ਕਦੋਂ ਆਉਂਦੇ।”
ਮੈਂ ਵਿਦੇਸ਼ੀਂ ਵਸਦੇ ਧੀਆਂ ਪੁੱਤਾਂ ਦੇ ਮਾਪਿਆਂ ਦੇ ਅਨੂਠੇ ਚਾਅ ਵੀ ਦੇਖੇ ਹਨ, ਅੱਖਾਂ ਦੀਆਂ ਘੋਰ ਉਦਾਸੀਆਂ ਵੀ। ਸੁੱਖਾਂ ਸੁੱਖਦੇ, ਅਰਦਾਸਾਂ ’ਚ ਜੁੜੇ ਹੱਥ ਮੈਨੂੰ ਬੜਾ ਕੁਝ ਯਾਦ ਕਰਵਾ ਦਿੰਦੇ। ਦੋ ਕੁ ਵਰ੍ਹੇ ਪਹਿਲਾਂ ਮੇਰਾ ਵੱਡਾ ਭਰਾ ਹਸਪਤਾਲ ਦਾਖ਼ਲ ਸੀ। ਅੱਧੀ ਰਾਤੀਂ ਉੱਠ ਉੱਠ ਪੁੱਤ ਨੂੰ ਯਾਦ ਕਰਦਾ। ਫਲਾਈਟਾਂ ਉਦੋਂ ਕੋਵਿਡ ਕਾਰਨ ਬੰਦ ਸਨ। ਮੇਰੇ ਭਰਾ ਦੀਆਂ ਸਿੱਲ੍ਹੀਆ ਤੇ ਭਿੱਜੀਆਂ ਅੱਖਾਂ ਇਕ ਵਾਰ ਤਾਂ ਸਭ ਨੂੰ ਰੁਆ ਗਈਆਂ। ਹੰਝੂਆਂ ਦੀ ਗਹਿਰੀ ਪੀੜ ਦਾ ਮਨੋਵਿਗਿਆਨ ਮੈਂ ਹੋਰਾਂ ਨਾਲੋਂ ਵੱਧ ਸਮਝਦਾ ਸੀ। ਮੇਰੇ ਭਰਾ ਦੇ ਆਖ਼ਰੀ ਸਾਹ ਨਾਲ ਆਇਆ ਹੰਝੂ ਮੇਰੇ ਚੇਤਿਆਂ ਨੂੰ ਹੁਣ ਵੀ ਚੇਤੇ ਹੈ। ਉਸ ਦੇ ਹੋ ਰਹੇ ਸਸਕਾਰ ਨੂੰ ਫੇਸਬੁੱਕ ’ਤੇ ਲਾਈਵ ਦੇਖਦੇ ਹਾਲੋਂ-ਬੇਹਾਲ ਹੋਏ ਭਤੀਜੇ ਨੂੰ ਤੱਕਦਿਆਂ ਮੈਨੂੰ ਇਹ ਅਹਿਸਾਸ ਸਹਿਜੇ ਹੀ ਹੋ ਗਿਆ ਸੀ ਕਿ ‘ਬੇਵਸੀਆਂ’ ਅਤੇ ਪਰਵਾਸ ਦੇ ਦਰਦਾਂ ਦੇ ਅਰਥ ਕੀ ਹੁੰਦੇ ਹਨ। ਇਨ੍ਹਾਂ ਓਪਰੀਆਂ ਤੇ ਬਿਗਾਨੀਆਂ ਧਰਤੀਆਂ ’ਤੇ ਰਹਿੰਦਿਆਂ ਕੀਤੀਆਂ ਪੌਂਡਾਂ ਤੇ ਡਾਲਰਾਂ ਦੀਆਂ ਮਹਿੰਗੀਆਂ ਕਮਾਈਆਂ ਦੀਆਂ ਪੀੜਾਂ ਨੂੰ ਵੀ ਸਮਝਣਾ ਬੜਾ ਜ਼ਰੂਰੀ ਹੈ।
ਜ਼ਿੰਦਗੀ ਦੇ ਤਜਰਬੇ, ਵਕਤ ਦੇ ਵਹਿਣ ਜਾਂ ਉਮਰਾਂ ਦੇ ਪੈਂਡੇ ਹਰ ਕਿਸੇ ਨੂੰ ਪੈਰ ਪੈਰ ’ਤੇ ਕੁਝ ਨਾ ਕੁਝ ਨਵਾਂ ਸਿਖਾਉਂਦੇ ਹਨ। ਮੈਂ ਆਪਣੇ ਇਕ ਹੋਰ ਨਜ਼ਦੀਕੀ ਨੂੰ ਬੜਾ ਨੇੜਿਉਂ ਹੋ ਕੇ ਦੇਖਿਆ ਹੈ। ਉਸ ਦੀਆਂ ਦੋਵੇਂ ਧੀਆਂ ਵਿਦੇਸ਼ ’ਚ ਹਨ। ਇਕ ਵਾਰ ਮੈਂ ਉਸ ਕੋਲ ਗਿਆ। ਰਾਤ ਦਾ ਖਾਣਾ ਖਾਣ ਸਮੇਂ ਦੋ ਬਿੱਲੀਆਂ ਨੂੰ ਮੈਂ ਘਰ ਦੀ ਰਸੋਈ ਦੇ ਬਾਹਰ ਬੈਠੇ ਦੇਖਿਆ। “ਇਹ ਪਾਲਤੂ ਹਨ?” ਮੈਂ ਪੁੱਛਿਆ। “ਨਹੀਂ, ਦੁੱਧ ਪੀ ਕੇ ਚਲੀਆਂ ਜਾਣਗੀਆਂ। ਥੋੜ੍ਹਾ ਚਿਰ ਇਹ ਮੇਰੇ ਨਾਲ ਖੇਡਣਗੀਆਂ। ਉੱਛਲ ਉੱਛਲ ਲੱਤਾਂ ਨਾਲ ਚੰਬੜਨਗੀਆਂ। ਮੈਂ ਇਨ੍ਹਾਂ ਨਾਲ ਗੱਲਾਂ ਕਰਾਂਗਾ। ਹੱਸਾਂਗਾ ਤੇ ਫਿਰ ਸੌਂ ਜਾਵਾਂਗਾ।” ਮੈਂ ਉਦੋਂ ਹੋਰ ਵੀ ਸੋਚੀਂ ਪੈ ਗਿਆ ਤੇ ਕੁਝ ਉਦਾਸ ਵੀ ਜਦੋਂ ਉਸ ਨੇ ਕਿਹਾ, “ਹੋਰ ਕੋਈ ਬੋਲਣ ਵਾਲਾ ਤਾਂ ਹੈ ਨਹੀਂ। ਧੀਆਂ ਕੋਲ ਸਨ ਤਾਂ ਘਰ, ਘਰ ਲਗਦਾ ਸੀ... ਕੋਈ ਕਿਸ ਨਾਲ ਕਿੰਨੀਆ ਕੁ ਗੱਲਾਂ ਕਰੇ?” ਇਸ ਘਰ ਦੇ ਅਰਥ ਤੇ ਸਲੀਕਾ ਹੁਣ ਉਸ ਲਈ ਬਦਲ ਗਏ ਸਨ? ਕੰਧਾਂ ਛੱਤਾਂ ਹੁਣ ਉਦਾਸ ਲਗਦੀਆਂ ਸਨ ਤੇ ਰੰਗ ਰੋਗਨ ਫਿੱਕੇ।
“ਸੋਹਣੀ ਜ਼ਿੰਦਗੀ ਹੈ ਉਨ੍ਹਾਂ ਦੀ ਉੱਥੇ। ਮਾਪਿਆਂ ਨੂੰ ਖ਼ੁਸ਼ੀ ਹੁੰਦੀ ਹੈ ਦੇਖ ਕੇ। ਉਂਝ ਗੁਆਇਆ ਅਸੀਂ ਵੀ ਬੜਾ ਕੁਝ ਹੈ, ਸਾਡੇ ਧੀਆਂ ਪੁੱਤਾਂ ਨੇ ਵੀ... ਸਾਡੀਆਂ ਕਈ ਖ਼ੁਸ਼ੀਆਂ-ਗ਼ਮੀਆਂ ’ਚ ਉਹ ਆ ਨਾ ਸਕੇ... ਨਾ ਵਿਆਹ ਦੇਖੇ, ਨਾ ਅੰਤਿਮ ਅਰਦਾਸਾਂ। ਫਾਸਲਾ ਬਹੁਤ ਕੁਝ ਖਾ ਗਿਆ। ਰਿਸ਼ਤੇ ਹੀ ਗੁਆ ਬੈਠੇ ਅਸੀਂ ਤਾਂ...।” ਇਕ ਦਿਨ ਮੈਨੂੰ ਉਸ ਨੇ ਕਿਹਾ ਸੀ।
ਸੋਚਦਾ ਸਾਂ ਕਿ ਬੰਦੇ ਨੂੰ ਜ਼ਿੰਦਗੀ ਹੰਢਾਉਣ ਲਈ ਆਪਣੇ ਆਪ ਨਾਲ ਕਈ ਸਮਝੌਤੇ ਕਰਨੇ ਪੈਂਦੇ ਹਨ। ਮਨ ਨੂੰ ਸਮਝਾਉਣਾ ਪੈਂਦਾ ਹੈ। ਹਰ ਜਗ੍ਹਾ ਜ਼ਿੰਦਗੀ ਮੌਕੇ ਨਹੀਂ  ਦਿੰਦੀ। ਮੌਕੇ ਤਾਂ ਲੱਭਣੇ ਪੈਂਦੇ ਹਨ। ਸਿਰ ਪਲੋਸਦੀਆਂ,  ਅਸੀਸ ਦਿੰਦੀਆਂ ਮਾਵਾਂ ਨੂੰ ਪਿਛਾਂਹ ਛੱਡਦਿਆਂ ਪਰਵਾਸ  ਦੇ ਰਸਤਿਆਂ ’ਤੇ ਤੁਰਨਾ ਵੀ ਪੈਂਦਾ ਹੈ ਜੋ ਅਜੋਕੀ ਜ਼ਿੰਦਗੀ ਦੀ ਸਚਾਈ ਹੈ। ਬਹੁਤ ਗੱਲਾਂ ਭਰਾ ਨਾਲ ਹੋਈਆਂ। ਕੁਝ ਅਣਕੀਤੀਆਂ ਵੀ ਰਹਿ ਗਈਆਂ। “ਮਿੱਟੀ ਦਾ ਮੋਹ ਸਾਨੂੰ ਉੱਥੇ ਟਿਕਣ ਨੀ ਦਿੰਦਾ, ਸੁਫ਼ਨਿਆਂ ਨੂੰ ਸੱਚ ਕਰਨ ਦੀ ਤਾਂਘ ਉਨ੍ਹਾਂ ਨੂੰ ਇੱਥੇ ਆਉਣ ਤੇ ਰਹਿਣ ਨਹੀਂ ਦਿੰਦੀ। ਸਾਲ ਕੁ ਨੂੰ ਆ ਜਾਣਗੇ। ਆਖਦੇ ਸੀ, ਇਸ ਵਾਰ ਤੁਸੀਂ ਆ ਜਾਉ। ਜ਼ਿੰਦਗੀ ਹੁਣ ਇਉਂ ਹੀ ਲੰਘੂ...।” ਆਖਦਾ ਉਹ ਕਾਰ ’ਚ ਬੈਠ ਗਿਆ। ਪਲ ’ਚ ਹੀ ਕਾਰ ਮੇਰੀਆਂ ਅੱਖਾਂ ਤੋਂ ਓਝਲ ਹੋ ਗਈ। ਅੰਬਰਾਂ ’ਚ ਉੱਡਦਾ ਜਹਾਜ਼ ਹੁਣ ਮੇਰੀਆਂ ਅੱਖਾਂ ਸਾਹਮਣੇ ਸੀ। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਮੈਂ ਖ਼ੁਸ਼ ਵੀ ਸਾਂ, ਕਿਸੇ ਗੱਲੋਂ ਮਨ ਉਦਾਸ ਵੀ ਸੀ।
ਸੰਪਰਕ: 94667-37933

Advertisement

Advertisement
Tags :
ਜਿੰਦੇ-ਕੁੰਡੇ