ਅਲੀਗੜ੍ਹ: ਹੋਲੀ ਮੌਕੇ ਦੋ ਮਸਜਿਦਾਂ ਤਰਪਾਲ ਨਾਲ ਢੱਕੀਆਂ
ਅਲੀਗੜ੍ਹ (ਉੱਤਰ ਪ੍ਰਦੇਸ਼), 24 ਮਾਰਚ
ਅਲੀਗੜ੍ਹ ਸ਼ਹਿਰ ਵਿੱਚ ਹੋਲੀ ਮੌਕੇ ਰੰਗ ਪੈਣ ਤੋਂ ਬਚਾਉਣ ਲਈ ਘੱਟੋ-ਘੱਟ ਦੋ ਮਸਜਿਦਾਂ ਨੂੰ ਇਹਤਿਆਤ ਦੇ ਤੌਰ ’ਤੇ ਤਰਪਾਲਾਂ ਨਾਲ ਢਕ ਦਿੱਤਾ ਗਿਆ ਹੈ।
ਪੁਲੀਸ ਦੇ ਸਰਕਲ ਅਫ਼ਸਰ (ਸਿਟੀ) ਅਭੈ ਪਾਂਡੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਕੋਤਵਾਲੀ ਖੇਤਰ ਵਿੱਚ ਸਬਜ਼ੀ ਮੰਡੀ ਸਥਿਤ ਹਲਵਾਈਆਂ ਮਸਜਿਦ ਅਤੇ ਦਿੱਲੀ ਗੇਟ ਸਥਿਤ ਇਕ ਹੋਰ ਮਸਜਿਦ ਸਣੇ ਘੱਟੋ-ਘੱਟ ਦੋ ਮਸਜਿਦਾਂ ਨੂੰ ਤਰਪਾਲਾਂ ਨਾਲ ਢਕ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਵਿਅਕਤੀ ਹੋਲੀ ਦੌਰਾਨ ਉਨ੍ਹਾਂ ਉੱਪਰ ਰੰਗ ਨਾ ਸੁੱਟ ਸਕੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਧਾਰਮਿਕ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਅਤੇ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਵਾਧੂ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਪਾਂਡੇ ਨੇ ਦੱਸਿਆ ਕਿ ਹੋਲੀ ਪੂਰਬਲੀ ਸ਼ਾਮ ਨੂੰ ਸ਼ਾਂਤੀ ਬਣਾ ਕੇ ਰੱਖਣ ਵਾਸਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਸਖ਼ਤ ਕੀਤੀ ਗਈ ਹੈ। -ਪੀਟੀਆਈ