ਆਲੀਆ ਭੱਟ ਦੀ ਫ਼ਿਲਮ ‘ਜਿਗਰਾ’ ਦਾ ਟਰੇਲਰ ਰਿਲੀਜ਼
ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਡਾਇਰੈਕਟਰ ਵਾਸਨ ਬਾਲਾ ਦੀ ਫ਼ਿਲਮ ‘ਜਿਗਰਾ’ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ। ਪ੍ਰਸ਼ੰਸਕਾਂ ਨੂੰ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਹੈ, ਜੋ 11 ਅਕਤੂਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਆਲੀਆ ਭੱਟ ਤੇ ਵੇਦਾਂਗ ਰੈਣਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਐਕਸ਼ਨ ਭਰਪੂਰ ਫ਼ਿਲਮ ਦੀ ਕਹਾਣੀ ਜੇਲ੍ਹ ਵਿਚੋਂ ਫ਼ਰਾਰ ਹੋਣ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਭੈਣ ਆਪਣੇ ਭਰਾ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ। ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਪੋਸਟ ’ਚ ਕਿਹਾ, ‘ਜਿਗਰਾ ਦਾ ਟਰੇਲਰ ਆ ਗਿਆ ਹੈ। ਸਿਨੇਮਾ ’ਚ 11 ਅਕਤੂਬਰ ਨੂੰ ਮਿਲਾਂਗੇ।’ ਟਰੇਲਰ ਮੁਤਾਬਕ ਫ਼ਿਲਮ ’ਚ ਆਲੀਆ ਨੇ ਸੱਤਿਆ ਦੀ ਭੂਮਿਕਾ ਨਿਭਾਈ ਹੈ ਜਿਹੜੀ ਆਪਣੇ ਭਰਾ ਅੰਕੁਰ (ਵੇਦਾਂਗ ਰੈਣਾ) ਨੂੰ ਬਚਾਉਣ ਲਈ ਦ੍ਰਿੜ ਹੈ। ਟਰੇਲਰ ’ਚ ਆਲੀਆ ਦੇ ਕਿਰਦਾਰ ਦੀ ਲਚਕਤਾ ਅਤੇ ਤਾਕਤ ਝਲਕਦੀ ਹੈ ਅਤੇ ਇਸ ਵਿੱਚ ਉਦੋਂ ਇੱਕ ਅਸਾਧਾਰਨ ਪਲ ਆਉਂਦਾ ਹੈ ਜਦੋਂ ਉਹ ਕਹਿੰਦੀ ਹੈ, ‘ਮੈਂ ਕਦੇ ਨਹੀਂ ਆਖਿਆ ਕਿ ਮੈਂ ਸਹੀ ਇਨਸਾਨ ਹਾਂ। ਮੈਂ ਸਿਰਫ ਅੰਕੁਰ ਦੀ ਭੈਣ ਹਾਂ।’ ਵੇਦਾਂਗ ਰੈਣਾ ਦੀ ਇਹ ਦੂਜੀ ਫ਼ਿਲਮ ਹੈ। ਉਸ ਦੀ ਪਹਿਲੀ ਫ਼ਿਲਮ ‘ਦਿ ਆਰਕਾਈਵਸ’ ਪਿਛਲੇ ਸਾਲ ਰਿਲੀਜ਼ ਹੋਈ ਸੀ। -ਏਐੱਨਆਈ