For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਧਮਾਕੇ ਤੋਂ ਬਾਅਦ ਟ੍ਰਾਈਸਿਟੀ ’ਚ ਅਲਰਟ

08:46 AM Sep 12, 2024 IST
ਚੰਡੀਗੜ੍ਹ ਵਿੱਚ ਧਮਾਕੇ ਤੋਂ ਬਾਅਦ ਟ੍ਰਾਈਸਿਟੀ ’ਚ ਅਲਰਟ
ਸੈਕਟਰ-10 ਵਿੱਚ ਸਥਿਤ ਘਟਨਾ ਵਾਲੀ ਥਾਂ ’ਤੇ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਸਤੰਬਰ
ਇੱਥੋਂ ਦੇ ਸੈਕਟਰ-10 ਵਿੱਚ ਸਥਿਤ ਘਰ ’ਤੇ ਅੱਜ ਸ਼ਾਮ ਸਮੇਂ ਗਰਨੇਡ ਨਾਲ ਕੀਤੇ ਹਮਲੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਘਟਨਾ ਤੋਂ ਬਾਅਦ ਟ੍ਰਾਈਸਿਟੀ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਸ਼ੱਕੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੈਕਟਰ-10 ਵਿੱਚ ਸਥਿਤ ਮਕਾਨ ਨੰਬਰ 575 ਵਿੱਚ ਅੱਜ ਸ਼ਾਮ ਨੂੰ 5.30 ਵਜੇ ਦੇ ਕਰੀਬ ਥ੍ਰੀ-ਵ੍ਹੀਲਰ ਸਵਾਰ ਨੌਜਵਾਨ ਗਰਨੇਡ ਸੁੱਟ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਘਰ ਦੇ ਵਿਹੜੇ ਵਿੱਚ 8 ਤੋਂ 10 ਇੰਚ ਡੂੰਘਾ ਖੱਡਾ ਪੈ ਗਿਆ ਅਤੇ ਗ਼ਮਲੇ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲੀਸ ਦੀਆਂ ਟੀਮਾਂ ਨੇ ਪਹੁੰਚ ਕੇ ਮੋਰਚਾ ਸਾਂਭ ਲਿਆ ਹੈ। ਸੂਤਰਾਂ ਅਨੁਸਾਰ ਇਹ ਘਰ ਪੰਜਾਬ ਪੁਲੀਸ ਦੇ ਸੇਵਾਮੁਕਤ ਪੁਲੀਸ ਅਧਿਕਾਰੀ ਦਾ ਹੈ। ਉਸ ਦੇ ਵਿਦੇਸ਼ ਜਾਣ ਕਰ ਕੇ ਅੱਗੇ ਵੇਚ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੇ ਪੰਜਾਬ ਪੁਲੀਸ ਇਸ ਮਾਮਲੇ ਨੂੰ ਵੱਖ-ਵੱਖ ਤੱਥਾਂ ਦੇ ਆਧਾਰ ’ਤੇ ਘੋਖ ਕਰ ਰਹੀਆਂ ਹਨ। ਇਸ ਹਮਲੇ ਨੂੰ ਬਦਲਾਖੋਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਲਈ ਪੁਲੀਸ ਮਕਾਨ ਵਿੱਚ ਪਹਿਲਾਂ ਰਹਿਣ ਵਾਲਿਆਂ ਦਾ ਵੀ ਪਿਛੋਕੜ ਖੰਗਾਲ ਰਹੀ ਹੈ। ਹਾਲਾਂਕਿ ਚੰਡੀਗੜ੍ਹ ਪੁਲੀਸ ਨੇ ਇਕ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਹੈ।

Advertisement

ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਕੋਲੋਂ ਮਿਲਿਆ ਸੀ ਗਰਨੇਡ
ਚੰਡੀਗੜ੍ਹ ਵਿੱਚ ਕੁਝ ਸਮਾਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ’ਤੇ ਖਾਲੀ ਪਲਾਟ ਵਿੱਚੋਂ ਵੀ ਗਰਨੇਡ ਮਿਲਿਆ ਸੀ। ਪੁਲੀਸ ਨੇ ਗਰਨੇਡ ਨੂੰ ਕਬਜ਼ੇ ਵਿੱਚ ਲੈ ਕੇ ਨਸ਼ਟ ਕਰ ਦਿੱਤਾ ਸੀ। ਹਾਲਾਂਕਿ ਪੁਲੀਸ ਨੂੰ ਉਦੋਂ ਵੀ ਪਤਾ ਨਹੀਂ ਸੀ ਲੱਗ ਸਕਿਆ ਕਿ ਉਹ ਗਰਨੇਡ ਕਿੱਥੋਂ ਆਇਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਬੁੜ੍ਹੈਲ ਜੇਲ੍ਹ ਦੀ ਕੰਧ ਦੇ ਪਿਛਲੇ ਪਾਸੇ ਤੋਂ ਵੀ ਟਿਫਨ ਬੰਬ ਬਰਾਮਦ ਕੀਤਾ ਗਿਆ ਸੀ।

Advertisement

Advertisement
Author Image

Advertisement