ਨਸ਼ਿਆਂ ਖ਼ਿਲਾਫ਼ ਅਲਾਵਲਪੁਰ ਵਾਸੀਆਂ ਨੇ ਆਦਮਪੁਰ ਥਾਣਾ ਘੇਰਿਆ
ਹਤਿੰਦਰ ਮਹਿਤਾ
ਜਲੰਧਰ, 20 ਸਤੰਬਰ
ਅਲਾਵਲਪੁਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ’ਚ ਸ਼ਰ੍ਹੇਆਮ ਵਿਕ ਰਹੇ ਚਿੱਟੇ ਦੇ ਵਿਰੋਧ ’ਚ ਅਲਾਵਲਪੁਰ ਵਾਸੀਆਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਨਸ਼ੇ ਦੀ ਵਿਕਰੀ ਤੋਂ ਤੰਗ ਗੁੱਸੇ ’ਚ ਆਏ ਲੋਕਾਂ ਨੇ ਆਦਮਪੁਰ ਥਾਣੇ ਅੱਗੇ ਬੈਠ ਕੇ ਮੁੱਖ ਮਾਰਗ ਜਾਮ ਕਰਨ ਮਗਰੋਂ ਧਰਨਾ ਲਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਰੀਬ 10 ਮਿੰਟ ਰੋਡ ਜਾਮ ਹੋਣ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਲੋਕਾਂ ਨੂੰ ਭਰੋਸੇ ’ਚ ਲੈ ਕੇ ਜਾਮ ਖੁੱਲ੍ਹਵਾਇਆ। ਪੁਲੀਸ ਸਟੇਸ਼ਨ ਅੱਗੇ ਧਰਨੇ ਦੌਰਾਨ ਇਕੱਠੇ ਹੋਏ ਧਰਮਪਾਲ ਲੇਸੜੀਵਾਲ, ਰਾਜੀਵ ਪਾਜਾਂ, ਸੁਖਵੀਰ ਸਿੰਘ ਢਿੱਲੋਂ, ਨੰਬਰਦਾਰ ਸੁਖਵੀਰ ਸਿੱਧੂ, ਹੰਸਰਾਜ ਭੈਰੋ, ਕੌਂਸਲਰ ਪੰਕਜ ਸ਼ਰਮਾ, ਬ੍ਰਿਜ ਭੂਸ਼ਣ ਕੌਂਸਲਰ ਤੇ ਸਾਬਕਾ ਕੌਂਸਲਰ ਰਾਮ ਰਤਨ ਪੱਪੀ ਨੇ ਦੋਸ਼ ਲਾਇਆ ਕਿ ਕਸਬਾ ਅਲਾਵਲਪੁਰ ਤੇ ਆਸ-ਪਾਸ ਦੇ ਪਿੰਡਾਂ ’ਚ ਸ਼ਰ੍ਹੇਆਮ ਚਿੱਟਾ ਤੇ ਮੈਡੀਕਲ ਨਸ਼ਾ ਵਿਕਦਾ ਹੈ ਜਿਸ ਨਾਲ ਦੋ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਉਹ ਕਈ ਵਾਰ ਅਲਾਵਲਪੁਰ ਪੁਲੀਸ ਚੌਕੀ ’ਚ ਸ਼ਿਕਾਇਤ ਕਰ ਚੁੱਕੇ ਹਨ, ਪਰ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਸ਼ੇੜੀ ਨਸ਼ੇ ਕਰ ਕੇ ਉਨ੍ਹਾਂ ਦੇ ਪਿੰਡਾਂ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਮੌਕੇ ਅਲਾਵਲਪੁਰ ਵਾਸੀਆਂ ਨੇ ਦੱਸਿਆ ਕਿ ਬੀਤੀ 6 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਪੁਲੀਸ ਨੂੰ 15 ਦਿਨਾਂ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਪੁਲੀਸ ਨੇ ਇਸ ਸਬੰਧੀ 8 ਸਤੰਬਰ ਨੂੰ ਅਲਾਵਲਪੁਰ ’ਚ ਭਾਰੀ ਪੁਲੀਸ ਫੋਰਸ ਸਮੇਤ ਰੇਡ ਕੀਤੀ ਤੇ ਸਿਰਫ਼ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਪਰ ਨਸ਼ਾ ਤਸਕਰਾਂ ’ਤੇ ਕੋਈ ਅਸਰ ਨਹੀਂ ਹੋਇਆ। ਇਸ ਧਰਨੇ ਦੌਰਾਨ ਉਨ੍ਹਾਂ ਡੀਐੱਸਪੀ ਆਦਮਪੁਰ ਸੁਮਿਤ ਸੂਦ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ: ਡੀਐੱਸਪੀ
ਡੀਐੱਸਪੀ ਆਦਮਪੁਰ ਸੁਮਿਤ ਸੂਦ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਕੋਈ ਨਸ਼ਾ ਵੇਚਣ ਦਾ ਕੰਮ ਸ਼ਹਿਰ ’ਚ ਕਰਦਾ ਹੈ ਤਾਂ ਉਹ ਚਾਹੇ ਕਿਸੇ ਵੀ ਵਿਭਾਗ ਨਾਲ ਸਬੰਧ ਰੱਖਦਾ ਹੋਵੇ, ਉਸਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖ਼ਿਲਾਫ਼ ਬਿਨਾਂ ਕਿਸੇ ਭੇਦ-ਭਾਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ