‘ਅਪਰੇਸ਼ਨ ਸਿੰਦੂਰ’ ਮਗਰੋਂ ਅਲਕਾਇਦਾ ਵੱਲੋਂ ਭਾਰਤੀ ਉਪ ਮਹਾਂਦੀਪ ’ਚ ‘ਜਿਹਾਦ’ ਦਾ ਸੱਦਾ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 8 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਅਲ-ਕਾਇਦਾ ਨੇ ਭਾਰਤੀ ਹਥਿਆਰਬੰਦ ਬਲਾਂ ਦੇ ‘ਅਪਰੇਸ਼ਨ ਸਿੰਦੂਰ’ ਦੀ ਨਿਖੇਧੀ ਕਰਦਿਆਂ ਭਾਰਤੀ ਉਪ-ਮਹਾਂਦੀਪ ਵਿੱਚ ਨਵੇਂ ਸਿਰੇ ਤੋਂ ਜਿਹਾਦ ਦਾ ਸੱਦਾ ਦਿੱਤਾ ਹੈ। ਭਾਰਤੀ ਫੌਜ ਨੇ ਲੰਘੇ ਦਿਨ ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਸੀ। ਇਹ ਪੂਰਾ ਅਪਰੇਸ਼ਨ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਚਲਾਇਆ ਗਿਆ ਸੀ। ਪਹਿਲਗਾਮ ਹਮਲੇ ਵਿਚ 26 ਵਿਅਕਤੀਆਂ, ਜਿਨ੍ਹਾਂ ਵਿਚ ਬਹੁਤੇ ਸੈਲਾਨੀ ਸਨ, ਦੀ ਜਾਨ ਜਾਂਦੀ ਰਹੀ ਸੀ।
ਅਲ ਕਾਇਦਾ ਇਨ ਇੰਡੀਅਨ ਸਬ-ਕੌਂਟੀਨੈਂਟ (AQIS) ਨੇ ਇਕ ਬਿਆਨ ਵਿਚ ਕਿਹਾ, ‘‘ਇਸਲਾਮ ਦੇ ਮੁਜਾਹੀਦੀਨਾਂ ਤੇ ਉਪ ਮਹਾਂਦੀਪ ਦੇ ਮੁਸਲਮਾਨਾਂ ਲਈ ਭਾਰਤ ਖਿਲਾਫ਼ ਇਹ ਜੰਗ ਜਿਹਾਦ ਫੀ ਸਬੀਲਿਲ੍ਹਾ ਹੈ। ਅੱਲ੍ਹਾਂ ਦੀ ਇਸ ਦੁਨੀਆ ਵਿਚ ਇਸਲਾਮ ਤੇ ਮੁਸਲਮਾਨਾਂ ਦੀ ਰਾਖੀ ਤੇ ਉਪ ਮਹਾਂਦੀਪ ਦੇ ਦੱਬੇ ਕੁਚਲੇ ਲੋਕਾਂ ਦੀ ਹਮਾਇਤ ਲਈ ਇਸ ਸੰਘਰਸ਼/ਜਿਹਾਦ ਵਿਚ ਕੁੱਦਣਾ ਸਾਡਾ ਫ਼ਰਜ਼ ਹੈ... ਹੁਣ ਉਪ-ਮਹਾਂਦੀਪ ਦੇ ਮੁਸਲਮਾਨਾਂ ਲਈ ਇਨ੍ਹਾਂ ਮੰਤਵਾਂ ਦੀ ਹਮਾਇਤ ਵਿਚ ਖੜ੍ਹਨਾ ਪਹਿਲਾਂ ਨਾਲੋਂ ਕਿਤੇ ਵੱਧ ਜ਼ਰੂਰੀ ਹੈ।’’
ਇਸ ਵਿੱਚ ਕਿਹਾ ਗਿਆ ਹੈ, ‘‘6 ਮਈ, 2025 ਦੀ ਰਾਤ ਨੂੰ, ਭਾਰਤੀ ‘ਭਗਵਾ’ ਸਰਕਾਰ ਨੇ ਪਾਕਿਸਤਾਨ ਵਿੱਚ ਛੇ ਥਾਵਾਂ ’ਤੇ ਬੰਬ ਧਮਾਕੇ ਕੀਤੇ, ਖਾਸ ਤੌਰ 'ਤੇ ਮਸਜਿਦਾਂ ਅਤੇ ਬਸਤੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਬੰਬ ਧਮਾਕਿਆਂ ਵਿੱਚ ਕਥਿਤ ਕਈ ਮੁਸਲਮਾਨਾਂ ਦੀ ਸ਼ਹਾਦਤ ਅਤੇ ਜ਼ਖਮੀ ਹੋਣ ਦੀ ਖ਼ਬਰ ਹੈ... ਬਿਨਾਂ ਸ਼ੱਕ, ਇਹ ਬੰਬ ਧਮਾਕਾ ‘ਭਗਵਾ’ ਨਿਜ਼ਾਮ ਵੱਲੋਂ ਕੀਤੇ ਗਏ ਅਪਰਾਧਾਂ ਦੀ ਲੰਮੀ ਸੂਚੀ ਵਿੱਚ ਇੱਕ ਹੋਰ ਕਾਲਾ ਅਧਿਆਇ ਜੋੜਦਾ ਹੈ।’’
ਇਸ ਵਿਚ ਅੱਗੇ ਕਿਹਾ ਗਿਆ, ‘‘ਇਹ ਸਭ ਜਾਣਦੇ ਹਨ ਕਿ ਇਸਲਾਮ ਅਤੇ ਮੁਸਲਮਾਨਾਂ ਵਿਰੁੱਧ ਭਾਰਤ ਦੀ ਜੰਗ ਪਹਿਲਗਾਮ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਨਾਲ ਸ਼ੁਰੂ ਨਹੀਂ ਹੋਈ ਸੀ, ਇਹ ਹਮਲਾ ਦਹਾਕਿਆਂ ਤੋਂ ਜਾਰੀ ਹੈ। ਭਾਰਤ ਅਤੇ ਕਸ਼ਮੀਰ ਦੇ ਮੁਸਲਮਾਨਾਂ ਨੇ ਇਤਿਹਾਸ ਦੇ ਕੁਝ ਸਭ ਤੋਂ ਭੈੜੇ ਜ਼ੁਲਮ ਹੰਢਾਏ ਹਨ।’’
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ, ‘ਹਿੰਦੂਤਵ-ਸੰਚਾਲਿਤ ‘ਭਗਵਾ’ ਅਤਿਵਾਦੀ ਅਤੇ ਉਨ੍ਹਾਂ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਸ ਸਮੇਂ ਪੂਰੇ ਉਪ-ਮਹਾਂਦੀਪ ਵਿੱਚੋਂ ਇਸਲਾਮ ਅਤੇ ਮੁਸਲਮਾਨਾਂ ਨੂੰ ਖਤਮ ਕਰਨ ਲਈ ਇੱਕ ਫੌਜੀ, ਰਾਜਨੀਤਿਕ, ਸੱਭਿਆਚਾਰਕ, ਵਿਚਾਰਧਾਰਕ ਅਤੇ ਮੀਡੀਆ-ਅਧਾਰਿਤ ਯੁੱਧ ਲੜੀ ਰਹੀ ਹੈ।’’