ਅਲ-ਕਾਦਿਰ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਖ਼ਿਲਾਫ਼ ਫ਼ੈਸਲਾ 13 ਤੱਕ ਟਲਿਆ
ਇਸਲਾਮਾਬਾਦ, 6 ਜਨਵਰੀ
ਇੱਥੋਂ ਦੀ ਅਦਾਲਤ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ 19 ਕਰੋੜ ਪਾਊਂਡ ਦੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਕੇਸ ਵਿੱਚ ਫ਼ੈਸਲਾ 13 ਜਨਵਰੀ ਤੱਕ ਟਾਲ ਦਿੱਤਾ ਹੈ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਐਂਟੀ-ਕਰੱਪਸ਼ਨ ਕੋਰਟ ਦੇ ਜੱਜ ਜਸਟਿਸ ਨਾਸਿਰ ਜਾਵੇਦ ਰਾਣਾ ਨੇ ਬੀਤੀ 18 ਦਸੰਬਰ ਨੂੰ ਇਸ ਕੇਸ ’ਚ ਸੁਣਵਾਈ ਮੁਕੰਮਲ ਕਰ ਲਈ ਸੀ ਪਰ ਫ਼ੈਸਲਾ 23 ਦਸੰਬਰ ਤੱਕ ਰਾਖਵਾਂ ਰੱਖ ਲਿਆ ਸੀ। ਬਾਅਦ ’ਚ ਉਨ੍ਹਾਂ ਫ਼ੈਸਲਾ ਸੁਣਾਉਣ ਲਈ 6 ਜਨਵਰੀ ਤਰੀਕ ਮੁਕੱਰਰ ਕੀਤੀ ਸੀ। ਅਦਾਲਤ ਦੇ ਸਟਾਫ਼ ਮੁਤਾਬਕ ਜਸਟਿਸ ਰਾਣਾ 6 ਜਨਵਰੀ ਨੂੰ ਛੁੱਟੀ ’ਤੇ ਸਨ, ਇਸ ਲਈ ਹੁਣ ਫ਼ੈਸਲਾ 13 ਜਨਵਰੀ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਕੌਮੀ ਜੁਆਬਦੇਹੀ ਬਿਓਰੋ (ਐੱਨਏਬੀ) ਅਤੇ ਸ੍ਰੀ ਇਮਰਾਨ ਦੇ ਵਕੀਲਾਂ ਨੂੰ ਫ਼ੈਸਲਾ ਅੱਗੇ ਪੈਣ ਬਾਰੇ ਸੂਚਿਤ ਕੀਤਾ। ਇਹ ਫ਼ੈਸਲਾ ਅਜਿਹੇ ਸਮੇਂ ’ਚ ਅੱਗੇ ਪਾਇਆ ਗਿਆ ਹੈ ਜਦੋਂ ਸਰਕਾਰ ਤੇ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ਼ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਤੇ ਕਈ ਹੋਰ ਆਗੂਆਂ ਦੇ ਜੇਲ੍ਹ ’ਚ ਬੰਦ ਹੋਣ ਕਾਰਨ ਮੁਲਕ ’ਚ ਚੱਲ ਰਹੀ ਰਾਜਸੀ ਅਸਥਿਰਤਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਹੈ। ਹੁਣ ਤੱਕ ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਤੇ ਇਸ ਹਫ਼ਤੇ ਇੱਕ ਹੋਰ ਦੌਰ ਦੀ ਗੱਲਬਾਤ ਹੋਣ ਦੀ ਉਮੀਦ ਹੈ। -ਪੀਟੀਆਈ