ਸ਼ੰਕਰਨ ਨਾਇਰ ਬਾਰੇ ਫ਼ਿਲਮ ’ਚ ਨਜ਼ਰ ਆਉਣਗੇ ਅਕਸ਼ੈ ਤੇ ਮਾਧਵਨ
ਮੁੰਬਈ: ਅਦਾਕਾਰ ਅਕਸ਼ੈ ਕੁਮਾਰ, ਆਰ ਮਾਧਵਨ ਅਤੇ ਅਨੰਨਿਆ ਪਾਂਡੇ ਭਾਰਤ ਦੇ ਚੋਟੀ ਦੇ ਬੈਰਿਸਟਰ ਸੀ. ਸ਼ੰਕਰਨ ਨਾਇਰ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਨੇ ਕੀਤਾ ਹੈ। ਸੀ. ਸ਼ੰਕਰਨ ਨਾਇਰ ਨੇ ਜੱਲ੍ਹਿਆਂਵਾਲਾ ਬਾਗ ’ਚ ਵਾਪਰੇ ਦੁਖਾਂਤ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਬਰਤਾਨਵੀ ਰਾਜ ਖ਼ਿਲਾਫ਼ ਲੜਾਈ ਲੜੀ ਸੀ। ਧਰਮਾ ਪ੍ਰੋਡਕਸ਼ਨ ਦੀ ਟੀਮ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਇਸ ਫ਼ਿਲਮ ਦੇ ਟਾਈਟਲ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਇਹ ਫ਼ਿਲਮ ਅਗਲੇ ਸਾਲ 14 ਮਾਰਚ ਨੂੰ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਇਹ ਕਹਾਣੀ ਰਘੂ ਪਲਟ (ਸੀ. ਸ਼ੰਕਰਨ ਨਾਇਰ ਦਾ ਪੜਪੋਤਾ) ਅਤੇ ਪੁਸ਼ਪਾ ਪਲਟ ਵੱਲੋਂ ਲਿਖੀ ਗਈ ਕਿਤਾਬ ‘ਦਿ ਕੇਸ ਦੈਟ ਸ਼ੂਕ ਦਿ ਐਂਪਾਇਰ’ ’ਤੇ ਆਧਾਰਿਤ ਹੈ। ਸਾਲ 2021 ਵਿੱਚ, ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਇਸ ਫ਼ਿਲਮ ਸਬੰਧੀ ਐਲਾਨ ਕਰਦਿਆਂ ਲਿਖਿਆ ਸੀ, ‘ ਇੱਕ ਇਤਿਹਾਸਕ ਵਿਅਕਤੀ ਸੀ. ਸ਼ੰਕਰਨ ਨਾਇਰ ਦੀ ਅਣਕਹੀ ਕਹਾਣੀ ਨੂੰ ਵੱਡੇ ਪਰਦੇ ’ਤੇ ਲਿਆਉਣ ਲਈ ਉਤਸ਼ਾਹਿਤ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਕਰਨ ਸਿੰਘ ਤਿਆਗੀ ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ।’’ ਉਸ ਸਮੇਂ ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। -ਏਐੱਨਆਈ