ਅਕਸ਼ੈ ਤੇ ਐਮੀ ਦੀ ਫਿਲਮ ‘ਖੇਲ ਖੇਲ ਮੇਂ’ ਦਾ ਪੋਸਟਰ ਰਿਲੀਜ਼
ਮੁੰਬਈ:
ਆਉਣ ਵਾਲੀ ਫਿਲਮ ‘ਖੇਲ ਖੇਲ ਮੇਂ’ ਦੇ ਨਿਰਮਾਤਾਵਾਂ ਨੇ ਅੱਜ ਫਿਲਮ ਦਾ ਪੋਸਟਰ ਜਾਰੀ ਕੀਤਾ ਹੈ। ਪੋਸਟਰ ਵਿੱਚ ਅਕਸ਼ੈ ਕੁਮਾਰ, ਤਾਪਸੀ ਪੰਨੂ, ਫਰਦੀਨ ਖਾਨ, ਵਾਣੀ ਕਪੂਰ, ਐਮੀ ਵਿਰਕ, ਆਦਿਤਿਆ ਸੀਲ ਅਤੇ ਪ੍ਰਗਿਆ ਜੈਸਵਾਲ ਇਕੱਠੇ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਅਕਸ਼ੈ ਨੇ ਕਿਹਾ, ‘‘ਯਾਰੋਂ ਵਾਲਾ ਖੇਲ... ਯਾਰੋਂ ਵਾਲੀ ਪਿਕਚਰ! ਬੈਂਡ ਬਾਜੇ ਕੇ ਮਾਹੌਲ ਮੇਂ... ਬੈਂਡ ਬਜਾਨੇ ਵਾਲੀ ਪਿਕਚਰ ! ਸਾਲ ਦੀ ਸਭ ਤੋਂ ਵੱਡੀ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਦਾ ਸਵਾਗਤ ਕਰੋ। ‘ਖੇਲ ਖੇਲ ਮੇਂ’ 15 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।’’ ਜ਼ਿਕਰਯੋਗ ਹੈ ਕਿ ਇਹ ਫਿਲਮ ਪਹਿਲਾਂ ਸਤੰਬਰ ਵਿੱਚ ਰਿਲੀਜ਼ ਹੋਣੀ ਸੀ। ਫਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਅਤੇ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਿਨ ਵਰਦੇ, ਰਾਜੇਸ਼ ਬਹਿਲ, ਸ਼ਸ਼ੀਕਾਂਤ ਸਿਨਹਾ ਅਤੇ ਅਜੈ ਰਾਏ ਨੇ ਕੀਤਾ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਇਸ ਆਜ਼ਾਦੀ ਦਿਹਾੜੇ ਮੌਕੇ ਬਹੁਤ ਸਾਰੇ ਹਾਸੇ, ਡਰਾਮੇ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਦਾਖਲ ਹੋਵੋ। ਆਪੋ-ਆਪਣੇ ਕੈਲੰਡਰਾਂ ’ਤੇ 15 ਅਗਸਤ ਦੀ ਤਰੀਕ ’ਤੇ ਨਿਸ਼ਾਨ ਲਾ ਲਵੋ। ਇਸੇ ਦਿਨ ‘ਖੇਲ ਖੇਲ ਮੇਂ’ ਰਿਲੀਜ਼ ਹੋ ਰਹੀ ਹੈ।’’ -ਏਐੱਨਆਈ