ਅਕਾਸ਼ਦੀਪ ਖੁਦਕੁਸ਼ੀ ਮਾਮਲਾ: ਮੌੜਾਂ ’ਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ
ਰੋਹਿਤ ਗੋਇਲ
ਪੱਖੋ ਕੈਂਚੀਆਂ, 23 ਜੂਨ
ਪਿੰਡ ਢਿੱਲਵਾਂ ਦੇ ਐੱਸ.ਸੀ. ਬੇਰੁਜ਼ਗਾਰ ਨੌਜਵਾਨ ਅਕਾਸ਼ਦੀਪ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਸਬੰਧੀ ਅੱਜ ਐਕਸ਼ਨ ਕਮੇਟੀ ਵਲੋਂ ਪਿੰਡ ਮੌੜਾਂ ਵਿਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਮੇਟੀ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਜ਼ਦੂਰ ਵਿਰੋਧੀ ਸਾਬਤ ਹੋ ਰਹੀ ਹੈ ਅਤੇ ਚੋਣ ਮਨੋਰਥ ਪੱਤਰ ਤੋ ਮੁਨਕਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਢਿੱਲਵਾਂ ਦੇ ਦਲਿਤ ਨੌਜਵਾਨ ਅਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕਮੇਟੀ ਦੀ ਅਗਵਾਈ ਵਿੱਚ 2 ਜੂਨ ਤੋ ਤਹਿਸੀਲ ਦਫ਼ਤਰ ਤਪਾ ਦੇ ਗੇਟ ਉੱਤੇ ਪੱਕਾ ਧਰਨਾ ਚੱਲ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਅਤਿ ਗਰੀਬ ਦਲਿਤ ਪਰਿਵਾਰ ਦਾ ਇਕਲੌਤਾ ਪੁੱਤਰ ਖੁਦਕੁਸ਼ੀ ਕਰ ਗਿਆ ਹੈ, ਜਿਸ ਕਰਕੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ, ਪਰਿਵਾਰ ਨੂੰ 20 ਲੱਖ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਕਿਸੇ ਮੈਬਰ ਨੂੰ ਨੌਕਰੀ ਦਿੱਤੀ ਜਾਵੇ। ਪਿੰਡ ਦੀ ਧਰਮਸ਼ਾਲਾ ਵਿੱਚ ਹੋਏ ਭਰਵੇਂ ਇਕੱਠ ਨੇ ਰੋਸ ਮਾਰਚ ਕਰਦੇ ਹੋਏ ਪਿੰਡ ਦੇ ਵੱਡੇ ਬੱਸ ਸਟੈਂਡ ਉੱਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ। ਕਮੇਟੀ ਮੈਂਬਰ ਗੋਰਾ ਸਿੰਘ ਨੇ 30 ਜੂਨ ਨੂੰ ਡੀਸੀ ਬਰਨਾਲਾ ਦਫ਼ਤਰ ਦੇ ਘਿਰਾਓ ‘ਚ ਪਹੁੰਚਣ ਦੀ ਸਭ ਨੂੰ ਅਪੀਲ ਕੀਤੀ।