ਅਕਾਸ਼ਦੀਪ ਪੂਰੇ ਪੰਜਾਬ ਦਾ ਪੁੱਤਰ, ਬਣਦਾ ਮਾਣ ਦਿਵਾਵਾਂਗੇ: ਕੁਲਤਾਰ ਸਿੰਘ ਸੰਧਵਾਂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 25 ਮਈ
ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਿੰਡ ਚਾਹਿਲ ਵਿੱਚ ਹੋਏ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਸਿਰਫ ਬਲਵਿੰਦਰ ਸਿੰਘ ਦਾ ਹੀ ਪੁੱਤਰ, ਨਹੀਂ ਬਲਕਿ ਉਹ ਪੂਰੇ ਪੰਜਾਬ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਉਸਨੂੰ ਬਣਦਾ ਮਾਣ ਸਤਿਕਾਰ ਅਤੇ ਰੁਤਬਾ ਦਿਵਾਉਣ ਲਈ ਉਹ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਅਤੇ ਮੁੱਖ ਸਕੱਤਰ ਪੰਜਾਬ ਰਾਹੀਂ ਫੌਜੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ, ਜਲਦੀ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਅਕਾਸ਼ਦੀਪ ਦੀ ਫੋਟੋ ’ਤੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅਕਾਸ਼ਦੀਪ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚੇ ਫਰੀਦੋਕਟ ਦੇ ਸਾਂਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਨੂੰ ਤਰੁੰਤ ਬਣਦਾ ਸਤਿਕਾਰ ਦੇਕੇ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ `ਤੇ ਵੀ ਕੇਂਦਰ ਸਰਕਾਰ ਰਾਹੀਂ ਤਾਲਮੇਲ ਕਰ ਰਹੇ ਹਨ ਤਾਂ ਕਿ ਬਣਦੀਆਂ ਸਹੂਲਤਾਂ ਪਰਿਵਾਰ ਨੂੰ ਮਿਲ ਸਕਣ। ਇਸ ਸਮੇਂ ਕੁਸ਼ਲਦੀਪ ਸਿੰਘ ਢਿਲੋਂ ਸਾਬਕਾ ਵਿਧਾਇਕ, ਦਰਸ਼ਨ ਸਿੰਘ ਭੱਟੀ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਅਤੇ ਗੁਰਮੀਤ ਸਿੰਘ ਵਾਂਦਰ ਪੈਰਾ ਮਿਲਟਰੀ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਪਰਿਵਾਰ ਲਈ ਇਹ ਸਦਮਾ ਅਸਹਿ ਹੈ ਅਤੇ ਅਜਿਹੇ ਸਮੇਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ। ਸ਼ਰਧਾਂਜਲੀ ਸਮਾਰੋਹ ਵਿੱਚ ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਅਜੇਪਾਲ ਸਿੰਘ ਸੰਧੂ, ਕਿਰਨਜੀਤ ਸਿੰਘ ਗੈਹਿਰੀ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਵਿਕਾਸ ਬੋਰਡ ਅਤੇ ਬਾਬਾ ਮਨਪ੍ਰੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਵੀ ਪਹੁੰਚਕੇ ਸ਼ਰਧਾ ਦੇ ਫੁੱਲ ਭੇਟ ਕੀਤੇ।