ਆਕਾਸ਼ਦੀਪ ਖ਼ੁਦਕੁਸ਼ੀ: ਬਰਨਾਲਾ ’ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਸਰਕਾਰ ਦੀ ਅਰਥੀ ਫੂਕੀ
ਪਰਸ਼ੋਤਮ ਬੱਲੀ
ਬਰਨਾਲਾ, 27 ਜੂਨ
ਬੇਰੁਜ਼ਗਾਰੀ ਤੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਗਏ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਾਸੀ ਮਜ਼ਦੂਰ ਨੌਜਵਾਨ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਤੇ ਢੁਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ‘ਇਨਸਾਫ਼ ਦਿਵਾਊ ਕਮੇਟੀ’ ਵੱਲੋਂ ਵਿੱਢੇ ਸੰਘਰਸ਼ ਦਾ ਸਮਰਥਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਬਰਨਾਲਾ ਨੇ ਸਥਾਨਕ ਸੇਖਾ ਫਾਟਕ ਨੇੜੇ ਮੁਜ਼ਾਹਰਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਦੀ ਅਰਥੀ ਫੂਕੀ। ਬੇਰੁਜ਼ਗਾਰ ਯੂਨੀਅਨ ਦੇ ਸੂਬਾ ਆਗੂ ਤੇ ‘ਆਕਾਸ਼ਦੀਪ ਇਨਸਾਫ਼ ਦਿਵਾਊ ਕਮੇਟੀ’ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮਜ਼੍ਦੂਰ ਵਿਰੋਧੀ ਨੀਤੀਆਂ ਤੋ ਜਾਣੂ ਕਰਵਾਇਆ ਤੇ ਖੁਦਕੁਸ਼ੀ ਪੀੜਤ ਕਿਸਾਨੀ ਨੂੰ ਦਿੱਤੇ ਜਾਂਦੇ ਮੁਆਵਜ਼ੇ ਤੇ ਸਹੂਲਤਾਂ ਦੀ ਤਰਜ਼ ‘ਤੇ ਖ਼ੁਦਕੁਸ਼ੀ ਪੀੜਤ ਮਜ਼ਦੂਰ ਵਰਗ ਨੂੰ ਸਹਾਇਤਾ ਦੇਣ ਦੀ ਪੁਰਜ਼ੋਰ ਮੰਗ ਉਠਾਈ। ਉਨ੍ਹਾਂ ਇਸ ਮਾਮਲੇ ਸਬੰਧੀ 30 ਜੂਨ ਡੀਸੀ ਦਫ਼ਤਰ ਦੇ ਘਿਰਾਓ ਦਾ ਸੱਦਾ ਦਿੰਦਿਆਂ ਨਿਰਮਾਣ ਮਜ਼੍ਦੂਰਾਂ ਨੂੰ ਉਸ ਦਿਨ ਭਰਵੀਂ ਸ਼ਿਰਕਤ ਦੀ ਅਪੀਲ ਵੀ ਕੀਤੀ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਨੇ ਪੀੜਤ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਜੁਗਰਾਜ ਸਿੰਘ ਭਦੌੜ, ਬ੍ਰਾਂਚ ਪ੍ਰਧਾਨ ਜਗਸੀਰ ਸਿੰਘ ਸੀਰਾ,ਜ਼ਿਲ੍ਹਾ ਚੇਅਰਮੈਨ ਸੁਖਵਿੰਦਰ ਸਿੰਘ ਬੈਰਾਗੀ, ਸੀ. ਮੀਤ ਪ੍ਰਧਾਨ ਰਾਜ ਕੁਮਾਰ ਰਾਜੂ, ਸਰਪ੍ਰਸਤ ਮਲਕੀਤ ਸਿੰਘ ਬਰਨਾਲਾ, ਬਲਵਿੰਦਰ ਸਿੰਘ ਪੱਪਾ, ਜਗਤਾਰ ਸਿੰਘ ਤਾਰੀ, ਚਮਕੌਰ ਸਿੰਘ, ਰੇਸ਼ਮ ਸਿੰਘ, ਦਾਰਾ ਸਿੰਘ, ਦਲੀਪ ਕੁਮਾਰ ਅਤੇ ਪ੍ਰਮੋਦ ਕੁਮਾਰ ਆਗੂ,ਮਿਸਤਰੀ ਅਤੇ ਮਜ਼ਦੂਰ ਹਾਜ਼ਰ ਸਨ।