ਅਕਾਲੀਆਂ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 18 ਅਗਸਤ
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ, ਪੈਨਸਨਾਂ ਬੰਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਸਬੇ ਸ਼ਹਿਣਾ ਵਿੱਚ ਸਹਿਕਾਰੀ ਬੈਂਕ ਦੇ ਕੋਲ ਧਰਨਾ ਲਾਇਆ। ਧਰਨੇ ਦੀ ਅਗਵਾਈ ਸਾਬਕਾ ਸਰਪੰਚ ਅਤੇ ਪਛੜੀਆਂ ਸ਼੍ਰੇਣੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਗਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਏ ਸਕਾਲਰਸ਼ਿਪ ਦੀ ਕਰੋੜਾਂ ਰੁਪਏ ਦੀ ਰਕਮ ਨੂੰ ਕਾਂਗਰਸ ਸਰਕਾਰ ਹੋਰ ਮੰਤਵ ਲਈ ਖਰਚ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਰੋਨਾ ਦੀ ਆੜ ਵਿੱਚ ਲੋਕਾਂ ਦੇ ਧੜਾ ਧੜ ਚਲਾਨ ਕੱਟ ਰਹੀ ਹੈ ਅਤੇ ਲੋਕਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਲਈ ਕਾਂਗਰਸ ਸਰਕਾਰ ਦੋਸ਼ੀ ਹੈ ਅਤੇ ਕਾਂਗਰਸ ਦੇ ਮੁੱਖ ਮੰਤਰੀ ਨੇ ਝੂਠੀ ਸਹੁੰ ਖਾਧੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਤੇ ਭਾਜਪਾ ਸਰਕਾਰ ਸਮੇਂ ਦਿੱਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਗਰੀਬ ਪਰਿਵਾਰ ਪ੍ਰੇਸ਼ਾਨ ਹਨ। ਇਸ ਮੌਕੇ ਪੰਚ ਰੋਸ਼ਨ ਸ਼ਰਮਾ, ਪੰਚ ਨਾਜ਼ਮ ਸਿੰਘ ਫੌਜੀ, ਗੁਰਵਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ ਸੱਤੀ, ਜਗਤਾਰ ਸਿੰਘ ਝੱਜ, ਮਨੋਹਰ ਦਾਸ, ਤਾਰਾ ਸਿੰਘ ਸਾਬਕਾ ਪੰਚ ਹਾਜ਼ਰ ਸਨ।
ਕਾਂਗਰਸ ਸਰਕਾਰ ’ਤੇ ਸਹੂਲਤਾਂ ਖੋਹਣ ਦਾ ਦੋਸ਼
ਬਰਨਾਲਾ (ਰਵਿੰਦਰ ਰਵੀ): ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਦੀ ਅਗਵਾਈ ਵਿੰਚ ਨਜ਼ਦੀਕੀ ਪਿੰਡ ਕਾਲੇਕੇ ਵਿੱਚ ਸ਼੍ਰੋਮਣੀ ਅਕਾਲੀ ਦੇ ਸਮੂਹ ਵਰਕਰਾਂ ਵੱਲੋਂ ਪ੍ਰਧਾਨ ਸੁਰਜੀਤ ਸ਼ਰਮਾ ਦੀ ਅਗਵਾਈ ਵਿੱਚ ਧਰਨਾ ਲਾਕੇ ਪੰਜਾਬ ਸਰਕਾਰ ਵਿਰੁੱਧ ਨਅਰੇਬਾਜ਼ੀ ਕੀਤੀ ਗਈ। ਪ੍ਰਧਾਨ ਸੁਰਜੀਤ ਸ਼ਰਮਾ ਦੱਸਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬ ਪਰਿਵਾਰਾਂ ਲਈ ਦਿੱਤੀਆ ਸਹੂਲਤਾਂ ਕਾਂਗਰਸ ਦੀ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਹੂਲਤਾਂ ਨਹੀਂ ਮਿਲ ਜਾਂਦੀਆਂ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਸਾਬਕਾ ਸਰਪੰਚ ਦਰਸਨ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ, ਲਾਭ ਸਿੰਘ ਜੱਸੜ, ਨਿਰਮਲ ਸਿੰਘ, ਮੱਖਣ ਸਿੰਘ, ਪ੍ਰਧਾਨ ਦੀਪ ਸਿੰਘ, ਪਰਮਜੀਤ ਕੌਰ,ਭਰਭੂਰ ਕੌਰ, ਨਸੀਬ ਕੌਰ, ਮਹਿੰਦਰ ਕੌਰ ਹਾਜ਼ਰ ਸਨ।