For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ’ਚ ਮੰਗ ਪੱਤਰ ਦੇਣ ਜਾ ਰਹੇ ਅਕਾਲੀ ਆਗੂ ਰੋਕੇ

11:29 AM Nov 06, 2024 IST
ਲੁਧਿਆਣਾ ’ਚ ਮੰਗ ਪੱਤਰ ਦੇਣ ਜਾ ਰਹੇ ਅਕਾਲੀ ਆਗੂ ਰੋਕੇ
ਲੁਧਿਆਣਾ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਆਗੂ ਅਤੇ ਵਰਕਰ। -ਫੋਟੋ: ਅਸ਼ਵਨੀ ਧੀਮਾਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 5 ਨਵੰਬਰ
ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਵੱਲੋਂ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਲਈ ਜ਼ਿਲ੍ਹਾ ਕਚਹਿਰੀ ਬਾਹਰ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਉਸ ਵਕਤ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਅਕਾਲੀ ਆਗੂਆਂ ਨੂੰ ਗੇਟ ’ਤੇ ਹੀ ਰੋਕ ਦਿੱਤਾ ਗਿਆ। ਇਸ ਮੌਕੇ ਸੁਰੱਖਿਆ ਮੁਲਾਜ਼ਮਾਂ ਨੇ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਿਸਨੂੰ ਵੇਖਦਿਆਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਗੇਟ ’ਤੇ ਹੀ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਕੀਤੇ ਗਏ ਮੁਜ਼ਾਹਰੇ ਉਪਰੰਤ ਅਕਾਲੀ ਦਲ ਦਾ ਵਫ਼ਦ ਡੀਸੀ ਨੂੰ ਮੰਗ ਪੱਤਰ ਦੇਣ ਲਈ ਜਦੋਂ ਉਨ੍ਹਾਂ ਦੇ ਦਫ਼ਤਰ ਜਾ ਰਿਹਾ ਸੀ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਦਿੱਤੇ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਜਸਪਾਲ ਸਿੰਘ ਗਿਆਸਪੁਰਾ ਅਤੇ ਯੂਥ ਆਗੂ ਜਸਦੀਪ ਸਿੰਘ ਕਾਉਂਕੇ ਦੀ ਸੁਰੱਖਿਆ ਮੁਲਾਜ਼ਮਾਂ ਨਾਲ ਤਿੱਖੀ ਬਹਿਸਬਾਜ਼ੀ ਵੀ ਹੋਈ। ਜਦੋਂ ਗੇਟ ਨਾ ਖੁੱਲ੍ਹੇ ਤਾਂ ਉਨ੍ਹਾਂ ਉਥੇ ਹੀ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਤਕਰੀਬਨ ਅੱਧੇ ਘੰਟੇ ਬਾਅਦ ਡੀਸੀ ਦੇ ਪ੍ਰਤੀਨਿਧ ਜ਼ਿਲ੍ਹਾ ਮਾਲ ਅਫ਼ਸਰ ਨੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਸ਼ਕਲ ਸਬੰਧੀ ਪੰਜਾਬ ਸਰਕਾਰ ਲਈ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਪਰ ਉਸ ਵਕਤ ਪ੍ਰਸ਼ਾਸਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਸਮੇਤ ਸਾਰੇ ਉੱਚ ਅਧਿਕਾਰੀ ਨਹੀਂ ਸਨ। ਇਸ ਮੌਕੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਕੁਲਵਿੰਦਰ ਕਿੰਦਾ, ਨੇਕ ਸਿੰਘ ਖਾਲਸਾ, ਹਰਪ੍ਰੀਤ ਸਿੰਘ ਡੰਗ, ਬਲਵਿੰਦਰ ਸਿੰਘ ਬਾਜੜਾ, ਬਲਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਖਾਲਸਾ, ਗੁਰਮੀਤ ਸਿੰਘ ਸਿੱਧੂ, ਸਮੇਤ ਕਈ ਆਗੂ ਹਾਜ਼ਰ ਸਨ।‌
ਮਾਛੀਵਾੜਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਝੋਨੇ ਦੀ ਸਰਕਾਰੀ ਖਰੀਦ ਸੁਚਾਰੂ ਢੰਗ ਨਾਲ ਨਾ ਹੋਣ ਕਾਰਨ ਕੂੰਮਕਲਾਂ ਤਹਿਸੀਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹਲਕਾ ਸਾਹਨੇਵਾਲ ਤੋਂ ਇੰਚਾਰਜ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਮੰਡੀਆਂ ਵਿੱਚ ਝੋਨਾ ਨਾ ਖਰੀਦ ਹੋਣ ’ਤੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਨਿਸ਼ਾਨੇ ਸਾਧੇ। ਸ੍ਰੀ ਢਿੱਲੋਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨਾ ਚੁੱਕਣ ਬਦਲੇ ਆੜ੍ਹਤੀਆਂ ਤੇ ਕਿਸਾਨਾਂ ਤੋਂ 100 ਬੋਰੀਆਂ ਪਿੱਛੇ 4 ਤੋਂ 5 ਬੋਰੀਆਂ ਦਾ ਕੱਟ ਲਾਇਆ ਜਾ ਰਿਹਾ ਹੈ ਜੋ ਸ਼ਰ੍ਹੇਆਮ ਕਿਸਾਨਾਂ ਦੀ ਲੁੱਟ ਹੈ। ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਆਗੂਆਂ ਨੇ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਜਥੇਦਾਰ ਹਰਚਰਨ ਸਿੰਘ, ਜਥੇਦਾਰ ਗੁਰਚਰਨ ਸਿੰਘ ਜਿਓਣੇਵਾਲ, ਸਿਮਰਨਜੀਤ ਸਿੰਘ ਢਿੱਲੋਂ, ਸਰਪੰਚ ਗਗਨਦੀਪ ਸਿੰਘ ਭਾਗਪੁਰ ਤੇ ਸਚਿਨਪ੍ਰੀਤ ਸਿੰਘ ਖਹਿਰਾ ਮੌਜੂਦ ਸਨ।
ਸਮਰਾਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦੇ ’ਤੇ ਅੱਜ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਸਥਾਨਕ ਐੱਸ.ਡੀ.ਐੱਮ. ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਵਾਰੀ ਪੰਜਾਬ ਦੇ ਕਿਸਾਨ ਦੀ ਜੋ ਹਾਲਤ ਹੋਈ ਹੈ, ਇਹ ਪਹਿਲਾਂ ਕਦੇ ਵੀ ਨਹੀਂ ਹੋਈ। ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ, ਸਹਿਕਾਰੀ ਸਭਾਵਾਂ ਡੀ.ਏ.ਪੀ. ਖਾਦ ਤੋਂ ਖਾਲੀ ਪਈਆਂ ਹਨ, ਖੇਤਾਂ ਵਿੱਚ ਪਰਾਲੀ ਨੂੰ ਟਿਕਾਣੇ ਲਾਉਣ ਲਈ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਹੈ।
ਪਾਇਲ (ਪੱਤਰ ਪ੍ਰੇਰਕ): ਇੱਥੇ ਤਹਿਸੀਲ ਕੰਪਲੈਕਸ ਵਿੱਚ ਝੋਨੇ ਅਤੇ ਡੀਏਪੀ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਅਤੇ ਸੀਨੀਅਰ ਆਗੂ ਇੰਜ. ਜਗਦੇਵ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਵ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਲਾਪਰਾਂ, ਸਾਬਕਾ ਚੇਅਰਮੈਨ ਸ਼ਿਵਰਾਜ ਸਿੰਘ ਜੱਲਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਜਥੇਦਾਰ ਅਵਤਾਰ ਸਿੰਘ ਧਮੋਟ, ਸਰਪੰਚ ਭਾਗ ਸਿੰਘ ਮਕਸੂਦੜਾ, ਮਹਿਲਾ ਆਗੂ ਜਸਪ੍ਰੀਤ ਕੌਰ ਅੜੈਚਾਂ ਨੇ ਵੀ ਸੰਬੋਧਨ ਕੀਤਾ।

Advertisement

ਖੰਨਾ ਵਿੱਚ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

ਖੰਨਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਵਿਰੋਧੀ ਨੀਤੀਆਂ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਖਿਲਾਫ਼ ਇੱਥੋਂ ਦੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਸਰਕਾਰ ਦੇ ਨਾਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਣਬੁੱਝ ਕੇ ਝੋਨੇ ਦੀ ਖਰੀਦ ਸਬੰਧੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ੍ਰੀਦਣ ਦੇ ਵਾਅਦੇ ਠੁੱਸ ਹੁੰਦੇ ਨਜ਼ਰ ਆ ਰਹੇ ਜਿਸ ਕਾਰਨ ਲੰਬੇ ਸਮੇੇਂ ਤੋਂ ਕਿਸਾਨ ਫ਼ਸਲਾਂ ਸਮੇਤ ਮੰਡੀ ਵਿਚ ਰੁਲ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਵਤੇਜ ਸਿੰਘ ਖੱਟੜਾ, ਅਮਨਦੀਪ ਸਿੰਘ, ਰਿੰਕੀ ਅਜਨੌਦ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Advertisement

ਜਗਰਾਉਂ: ਅਕਾਲੀਆਂ ਨੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ

ਹਲਕਾ ਜਗਰਾਉਂ ਦੇ ਅਕਾਲੀ ਆਗੂ ਅਤੇ ਵਰਕਰ ਐੱਸਡੀਐੱਮ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ।-ਫੋਟੋ: ਢਿੱਲੋਂ

ਜਗਰਾਉਂ (ਪੱਤਰ ਪ੍ਰੇਰਕ): ਹਲਕਾ ਜਗਰਾਉਂ ਦੀ ਅਕਾਲੀ ਲੀਡਰਸ਼ਿਪ ਨੇ ਉਪ-ਮੰਡਲ ਮੈਜਿਸਟਰੇਟ ਦੇ ਦਫ਼ਤਰ ਦੇ ਬਾਹਰ ਵੱਡਾ ਇਕੱਠ ਕਰ ਕੇ ਰੋਸ ਪ੍ਰਗਟਾਇਆ। ਸਥਾਨਕ ਆਗੂਆਂ ਨੇ ਇੱਕਸੁਰ ਹੁੰਦਿਆਂ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਸਾਨਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਦੱਸਦਿਆਂ ਦੋਵਾਂ ਸਰਕਾਰਾਂ ਦੀ ਵੱਡੀ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਲਾਪਰਵਾਹੀ ਅਤੇ ਸੌੜੀ ਰਾਜਨੀਤੀ ਕਾਰਨ ਅੱਜ ਦੇਸ਼ ਦਾ ਅੰਨਦਾਤਾ ਮੰਡੀਆਂ ’ਚ ਰੁਲਣ ਲਈ ਮਜਬੂਰ ਹੈ। ਇਸ ਮੌਕੇ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਸੌਂਪਿਆ।

Advertisement
Author Image

sukhwinder singh

View all posts

Advertisement