ਜਾਅਲਸਾਜ਼ੀ ਕਰਨ ਵਾਲੇ ਅਕਾਲੀ ਆਗੂ ਨੂੰ ਕੈਦ
ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਨਵੰਬਰ
ਇੱਥੇ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੂੰ ਜਾਅਲਸਾਜ਼ੀ ਦੇ ਦੋਸ਼ ਹੇਠ ਸਥਾਨਕ ਜੁਡੀਸ਼ਲ ਮੈਜਿਸਟਰੇਟ ਦਰਜਾ ਪਹਿਲਾ ਬਲਜਿੰਦਰ ਕੌਰ ਮਾਨ ਦੀ ਅਦਾਲਤ ਨੇ ਤਿੰਨ ਧਾਰਾਵਾਂ ਹੇਠ ਇੱਕ-ਇੱਕ ਸਾਲ ਦੀ ਕੈਦ ਤੇ 1500 ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ਵਿੱਚ ਸ਼ਹਿਰ ਦੇ ਨਾਮੀ ਡਾਕਟਰ ਸੰਜੀਵ ਮਿੱਤਲ ਨੂੰ ਦੋਸ਼ ਮੁਕਤ ਕਰਾਰ ਦਿੰਦਿਆਂ ਅਦਾਲਤ ਨੇ 50 ਹਜ਼ਾਰ ਰੁਪਏ ਦੀ ਮੁਚੱਲਕੇ ਉੱਤੇ ਰਿਹਾਅ ਕੀਤਾ ਹੈ। ਆਰਟੀਆਈ ਕਾਰਕੁਨ ਸੁਰੇਸ਼ ਸੂਦ ਨੇ ਦੱਸਿਆ ਕਿ ਉਸ ਨੇ ਅਕਾਲੀ ਆਗੂ ਚਰਨਜੀਤ ਸਿੰਘ ਝੰਡੇਆਣਾ, ਡਾਕਟਰ ਸੰਜੀਵ ਮਿੱਤਲ ਅਤੇ ਸਥਾਨਕ ਜੀਵਨ ਬੀਮਾ ਨਿਗਮ ਸ਼ਾਖਾ ਦੇ ਮੈਨੇਜਰ ਮਨਜੀਤ ਸਿੰਘ ਖ਼ਿਲਾਫ਼ ਸਾਲ 2012 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਪਾਲਸੀ ਨਹੀਂ ਮਿਲੀ। ਉਸ ਨੇ ਆਪਣਾ ਤੇ ਦੋ ਬੱਚਿਆਂ ਦਾ ਚਰਨਜੀਤ ਰਾਹੀਂ ਬੀਮਾ ਕਰਵਾਇਆ ਸੀ। ਉਸ ਨੂੰ ਕੁਝ ਦਿਨ ਬਾਅਦ ਪਾਲਸੀ ਡਾਕ ਰਾਹੀਂ ਪ੍ਰਾਪਤ ਹੋਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਾਲਸੀ ਨਹੀਂ ਮਿਲੀ। ਜੀਵਨ ਬੀਮਾ ਨਿਗਮ ਸ਼ਾਖਾ ਦੇ ਮੈਨੇਜਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਏਜੰਟ ਚਰਨਜੀਤ ਸਿੰਘ ਝੰਡੇਆਣਾ ਪਾਲਸੀ ਲਿਜਾ ਚੁੱਕਿਆ ਹੈ। ਚਰਨਜੀਤ ਨੇ ਉਸ ਦੇ ਫ਼ਰਜ਼ੀ ਦਸਤਖ਼ਤ ਕਰਕੇ ਅਧਿਕਾਰ ਪੱਤਰ ਤਿਆਰ ਕੀਤਾ ਸੀ।