ਅਕਾਲੀ ਆਗੂ ਬਿੱਟੂ ਰਾਮ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਅਮਲੋਹ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁੱਢੜੀਆ ਪਿੰਡ ਦੇ ਸਰਪੰਚ ਬਿੱਟੂ ਰਾਮ ਸਾਥੀਆਂ ਸਣੇ ‘ਆਪ’ ਦੇ ਸੀਨੀਅਰ ਆਗੂ ਇਕਬਾਲ ਸਿੰਘ ਰਾਏ ਦੀ ਪ੍ਰੇਰਨਾ ਸਦਕਾ ‘ਆਪ’ ਵਿੱਚ ਸ਼ਾਮਲ ਹੋ ਗਿਆ। ਉਸ ਦਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਰਪੰਚ ਬਿੱਟੂ ਰਾਮ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਬਲ ਮਿਲਿਆ ਹੈ ਅਤੇ ਪਿੰਡ ਮੁੱਢੜੀਆ ਦੇ ਵਿਕਾਸ ਲਈ ਹਰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਹੋਰ ਆਗੂ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਜਿਹੜੇ ਜਲਦੀ ਹੀ ਪਾਰਟੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਹਲਕਾ ਅਮਲੋਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕੀਤਾ ਜਿਨ੍ਹਾਂ ਦਾ ਸਹਿਯੋਗ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਰਪੰਚ ਬਿੱਟੂ ਰਾਮ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸੀਨੀਅਰ ਆਗੂ ਇਕਬਾਲ ਸਿੰਘ ਰਾਏ, ਕੁਲਜੀਤ ਸਿੰਘ ਨਰਾਇਣਗੜ੍ਹ, ਜੱਗਾ ਭੋਲੀਆਂ ਆਦਿ ਮੌਜੂਦ ਸਨ।