ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ‘ਅਕਾਲੀ ਆਗੂ’ ਗ੍ਰਿਫ਼ਤਾਰ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 23 ਜੁਲਾਈ
ਪੁਲੀਸ ਦੇ ਸੀਆਈਏ ਸਟਾਫ਼ ਨੇ ਅਕਾਲੀ ਆਗੂ ਤੇਜਬੀਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਪਿੰਡ ਨੰਗਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਤਿੰਨ ਦਨਿ ਪਹਿਲਾਂ ਹਾਊਸਿੰਗ ਬੋਰਡ ਕਲੋਨੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ 100 ਗ੍ਰਾਮ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਪੁੱਛ-ਪੜਤਾਲ ਦੌਰਾਨ ਇਸ ਅਕਾਲੀ ਆਗੂ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲੀਸ ਨੇ ਤੇਜਬੀਰ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ ਹੋਰ ਪੁੱਛ-ਪੜਤਾਲ ਲਈ ਦੋ ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲੀਸ ਅਨੁਸਾਰ ਉਸ ਦੇ ਗੈਂਗਸਟਰ ਬਲਵਿੰਦਰ ਸਿੰਘ ਉਰਫ ਡੌਨੀ ਅਤੇ ਪੁਰਤਗਾਲ ਸਥਿਤ ਮਨਪ੍ਰੀਤ ਸਿੰਘ ਮੰਨੂ ਨਾਲ ਸਬੰਧਾਂ ਬਾਰੇ ਜਾਂਚ ਕੀਤੀ ਜਾਵੇਗੀ।
ਸਥਾਨਕ ਪੁਲੀਸ ਨੇ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਫਿਲਹਾਲ ਚੁੱਪ ਧਾਰੀ ਹੋਈ ਹੈ ਪਰ ਇੱਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਗਸਤ 2021 ਵਿੱਚ ਮਜੀਠਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੈਂਗਸਟਰ ਰਾਣਾ ਕੰਦੋਵਾਲੀਆ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਵਾਪਰੀ ਘਟਨਾ ਸਮੇਂ ਇਹ ਵਿਅਕਤੀ ਵੀ ਗੈਂਗਵਾਰ ਵਿੱਚ ਜ਼ਖ਼ਮੀ ਹੋ ਗਿਆ ਸੀ। ਇਹ ਵਿਅਕਤੀ ਅਕਾਲੀ ਦਲ ਬਾਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਨਾਲ ਜੁੜਿਆ ਰਿਹਾ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਫੜੇ ਗਏ ਤੇਜਬੀਰ ਸਿੰਘ ਦਾ ਹੁਣ ਅਕਾਲੀ ਦਲ ਨਾਲ ਕੋਈ ਸਬੰਧ ਨਹੀ ਹੈ ਅਤੇ ਉਹ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਅੱਜ ਇਥੇ ਮੀਡੀਆ ਨਾਲ ਗੱਲ ਕਰਦਿਆ ਸ੍ਰੀ ਵਲਟੋਹਾ ਨੇ ਦੱਸਿਆ ਕਿ ਤੇਜਬੀਰ ਸਿੰਘ ਨੂੰ 19 ਅਪਰੈਲ 2021 ਨੂੰ ਅੰਮ੍ਰਿਤਸਰ ਦਿਹਾਤੀ ਦਾ ਐੱਸਓਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਹਫਤੇ ਬਾਅਦ ਹੀ ਜਥੇਬੰਦੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਮਗਰੋਂ ਉਹ ਐੱਸਓਆਈ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਤੇਜਬੀਰ ਸਿੰਘ ਪਹਿਲਾਂ ਕਾਂਗਰਸ ਤੇ ਫਿਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨੇੜੇ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਤੇਜਬੀਰ ਵਧੇਰੇ ਕਰ ਕੇ ਹਲਕਾ ਰਾਜਾਸਾਂਸੀ ਦੇ ‘ਆਪ’ ਆਗੂ ਦੇ ਨਾਲ ਹੀ ਰਹਿੰਦਾ ਹੈ।
ਤੇਜਬੀਰ ਦੇ ਸੁਖਬੀਰ ਤੇ ਮਜੀਠੀਆ ਨਾਲ ਨਜ਼ਦੀਕੀ ਸਬੰਧ: ਮਲਵਿੰਦਰ ਕੰਗ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਜ਼ਿਲ੍ਹਾ ਪ੍ਰਧਾਨ ਤੇਜਬੀਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਮਗਰੋਂ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ। ਕੰਗ ਨੇ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜਬੀਰ ਸਿੰਘ ਗਿੱਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਨਜ਼ਦੀਕੀ ਸਬੰਧ ਹਨ। ਉਨ੍ਹਾਂ ਤੇਜਬੀਰ ਸਿੰਘ ਗਿੱਲ ਦੀਆਂ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨਾਲ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਇਹ ਤਸਵੀਰ ਸਾਬਤ ਕਰਦੀ ਹੈ ਕਿ ਅਕਾਲੀ ਦਲ ਦੇ ਆਗੂ ਨਸ਼ੇ ਦੇ ਸੌਦਾਗਰਾਂ ਦੀ ਖੁੱਲ੍ਹੇਆਮ ਸਰਪ੍ਰਸਤੀ ਕਰਦੇ ਹਨ।