ਅਕਾਲੀ ਦਲ ਦੀ ਭਰਤੀ ਮੁਹਿੰਮ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ: ਵਡਾਲਾ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 21 ਜਨਵਰੀ
ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਰਹੇ ਗੁਰਪ੍ਰਤਾਪ ਸਿੰਘ ਵਡਾਲਾ ਹਲਕੇ ਦੇ ਪਿੰਡ ਠੀਕਰੀਵਾਲਾ ਪਹੁੰਚੇ। ਇਸ ਮੌਕੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਲੀਡਰਸ਼ਿਪ ਖ਼ਿਲਾਫ਼ ਨਿਸ਼ਾਨੇ ਸੇਧੇ। ਸਾਬਕਾ ਵਿਧਾਇਕ ਵਡਾਲਾ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਅਤੇ ਸੁਖਬੀਰ ਬਾਦਲ ਮਨਮਰਜ਼ੀ ਕਰਕੇ ਭਰਤੀ ਮੁਹਿੰਮ ਚਲਾ ਰਹੇ ਹਨ, ਜੋ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਹੈ। ਜੇ ਸੁਖਬੀਰ ਬਾਦਲ ਅਕਾਲ ਤਖ਼ਤ ਤੋਂ ਆਏ ਹੁਕਮ ਮੰਨ ਕੇ ਕਮੇਟੀ ਦੇ ਫ਼ੈਸਲੇ ਅਨੁਸਾਰ ਚੱਲਣ ਤਾਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਸ਼੍ੋਮਣੀ ਅਕਾਲੀ ਦਲ ਪ੍ਰਤੀ ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਸਤਿਕਾਰ ਹੈ, ਪਰ ਲੀਡਰਸ਼ਿਪ ਲੋਕਾਂ ਦੇ ਮਨਾਂ ਵਿੱਚੋਂ ਲਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ੋਮਣੀ ਅਕਾਲੀ ਦਲ ਹਾਸ਼ੀਏ ’ਤੇ ਆਉਣ ਤੋਂ ਬਾਅਦ ਨਵੇਂ ਅਕਾਲੀ ਦਲ ਹੋਂਦ ਵਿੱਚ ਆ ਰਹੇ ਹਨ, ਜੋ ਖਾਲੀ ਥਾਂ ਭਰਨ ਲਈ ਜੱਦੋਜਹਿਦ ਕਰ ਰਹੇ ਹਨ। ਸੂਬੇ ਦੇ ਲੋਕ ਅੱਜ ਵੀ ਸ਼੍ੋਮਣੀ ਅਕਾਲੀ ਦਲ ਜੁੜ ਸਕਦੇ ਹਨ, ਜੇ ਪੰਥਕ ਸੋਚ ਅੱਗੇ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਪੰਥ ਦਾ ਭਲਾ ਸੋਚਣ ਵਾਲੇ ਆਗੂਆਂ ਦੀ ਲੋੜ ਹੈ, ਜਦਕਿ ਲੀਡਰਾਂ ਵਿੱਚ ਪਰਿਵਾਰਵਾਦ ਭਾਰੂ ਹੋ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਚੁਟਕਲੇ ਸੁਣਾ ਕੇ ਸੱਤਾ ਤਾਂ ਹਾਸਲ ਕਰ ਲਈ, ਪਰ ਹੁਣ ਸੂਬੇ ਦੇ ਲੋਕ ਮਾਨ ਸਰਕਾਰ ਤੋਂ ਅੱਕੇ ਪਏ ਹਨ। ਇਸ ਦਾ ਨਿਚੋੜ ਲੋਕ ਆਉਂਦੇ ਸਮੇਂ ਵਿੱਚ ਦੇਣਗੇ ਅਤੇ ਪੰਥਕ ਸੋਚ ਦੇ ਧਾਰਨੀ ਲੋਕ ਪੰਜਾਬ ਦੀ ਮੁੜ ਵਾਗਡੋਰ ਸੰਭਾਲਣਗੇ।
ਅਕਾਲੀ ਦਲ ਦਾ ਨਾਰਾਜ਼ ਧੜਾ ਆਪਣੀ ਜਥੇਬੰਦੀ ਸੁਰਜੀਤ ਕਰਨ ਦੇ ਰੌਂਅ ’ਚ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ):
ਸ਼੍ੋਮਣੀ ਅਕਾਲੀ ਦਲ ਦੀ ਮੌਜੂਦਾ ਹਾਕਮ ਧਿਰ ਵੱਲੋਂ ਅਣਗੌਲਿਆਂ ਕਰਨ ਤੋਂ ਖ਼ਫ਼ਾ ਬਾਗ਼ੀ ਅਕਾਲੀ ਮੁੜ ਆਪਣੀ ਜਥੇਬੰਦੀ ਨੂੰ ਸੁਰਜੀਤ ਕਰ ਸਕਦੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਜਲਦੀ ਹੀ ਮੀਟਿੰਗ ਕਰਨ ਦੀ ਸੰਭਾਵਨਾ ਹੈ। ਸ਼੍ੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਦੋ ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਕੀਤੇ ਫ਼ੈਸਲੇ ਤੋਂ ਬਾਅਦ ਆਪਣੀ ਜਥੇਬੰਦੀ ਭੰਗ ਕਰ ਦਿੱਤੀ ਸੀ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਇਹ ਧੜੇ ਇੱਕ ਮੰਚ ’ਤੇ ਕੰਮ ਕਰਨ। ਇਸ ਤੋਂ ਤੁਰੰਤ ਬਾਅਦ ਸ਼੍ੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਆਪਣੀ ਜਥੇਬੰਦੀ ਭੰਗ ਕਰਨ ਦਾ ਐਲਾਨ ਕੀਤਾ ਸੀ। ਸ਼੍ੋਮਣੀ ਅਕਾਲੀ ਦਲ ਸੁਧਾਰ ਲਹਿਰ ਪਿਛਲੇ ਸਾਲ ਜੁਲਾਈ ਮਹੀਨੇ ਕਾਇਮ ਕੀਤਾ ਗਿਆ ਸੀ। ਇਸ ਸਬੰਧ ਵਿੱਚ ਗੱਲ ਕਰਦਿਆਂ ਨਾਰਾਜ਼ ਧੜੇ ਨਾਲ ਸਬੰਧਤ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਇਸ ਸਬੰਧ ਵਿੱਚ ਹਮਖ਼ਿਆਲੀ ਅਕਾਲੀ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਹੀ ਇਸ ਸਬੰਧੀ ਮੀਟਿੰਗ ਕਰ ਕੇ ਅਗਲੇਰੀ ਰਣਨੀਤੀ ਬਾਰੇ ਵਿਚਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਕਾਰਵਾਈ ਜਾਂ ਫ਼ੈਸਲਾ ਅਕਾਲ ਤਖ਼ਤ ਦੇ ਜਥੇਦਾਰ ਦੀ ਸਹਿਮਤੀ ਨਾਲ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਸੀ। ਸਾਰੇ ਧੜੇ ਨੇ ਮੱਤਭੇਦ ਤਿਆਗ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਉਹ ਇੱਕ ਛੱਤਰੀ ਹੇਠ ਇਕੱਠੇ ਹੋਣ ਲਈ ਤਿਆਰ ਸਨ ਪਰ ਸ਼੍ੋਮਣੀ ਅਕਾਲੀ ਦਲ ਨੇ ਹੁਣ ਤੱਕ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਹੈ। ਉਨ੍ਹਾਂ ਕਿਹਾ ਕਿ ਸ਼੍ੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਆਪਣੇ ਫ਼ੈਸਲਿਆਂ ਅਨੁਸਾਰ ਹੀ ਅੱਗੇ ਵਧ ਰਹੀ ਹੈ। ਇਨ੍ਹਾਂ ਵੱਲੋਂ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਸਮੇਂ ਵੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਇਸ ਕਾਰਨ ਪੰਜਾਬੀਆਂ ਅਤੇ ਸਿੱਖ ਸੰਗਤ ਵਿੱਚ ਨਰਾਜ਼ਗੀ ਝਲਕ ਰਹੀ ਹੈ। ਇਸ ਸਬੰਧੀ ਜਲਦੀ ਹੀ ਹੋਰਨਾਂ ਆਗੂਆਂ ਨਾਲ ਮਿਲ ਕੇ ਕੋਈ ਫੈਸਲਾ ਲਿਆ ਜਾਵੇਗਾ।
ਭਰਤੀ ਸਬੰਧੀ ਹੁਕਮਨਾਮੇ ਦੀ ਪਾਲਣਾ ਕਰਨ ਬਾਰੇ ਰਿਪੋਰਟ ਸਾਂਝੀ ਕਰਨ ਦੀ ਅਪੀਲ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ):
ਸਿੱਖ ਜਥੇਬੰਦੀ ਪੰਥਕ ਅਸੈਂਬਲੀ ਤੇ ਪੰਥਕ ਤਾਲਮੇਲ ਸੰਗਠਨ ਵੱਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਹੁਕਮਨਾਮੇ ਦੀ ਹੁਣ ਤੱਕ ਦੀ ਪਾਲਣਾ ਸਬੰਧੀ ਰਿਪੋਰਟ ਪੰਥ ਨਾਲ ਸਾਂਝੀ ਕੀਤੀ ਜਾਵੇ। ਪੱਤਰ ’ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਨਵ ਕਿਰਨ ਸਿੰਘ ਐਡਵੋਕੇਟ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਆਦਿ ਦੇ ਦਸਤਖਤ ਹਨ। ਇਹ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੌਂਪਿਆ ਗਿਆ ਹੈ। ਪੱਤਰ ਵਿੱਚ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲੀ ਧਿਰ ਨੂੰ ਪੰਥਕ ਜ਼ਾਬਤੇ ਦੀ ਪਾਲਣਾ ਤੇ ਪਾਬੰਧ ਹੋਣ ਲਈ ਖਾਲਸਾਈ ਤਾੜਨਾ ਕਰਨ ਦੀ ਮੰਗ ਕੀਤੀ ਗਈ।