ਅਕਾਲੀ ਦਲ ਵੱਲੋਂ ਵਾਹਨਾਂ ਦੇ ਚਲਾਨ ਕੱਟਣ ਦਾ ਵਿਰੋਧ
ਪੱਤਰ ਪ੍ਰੇਰਕ
ਬਠਿੰਡਾ, 4 ਅਗਸਤ
ਬਹੁਮੰਜ਼ਿਲਾ ਪਾਰਕਿੰਗ ਦੇ ਨਾਂ ’ਤੇ ਬਠਿੰਡਾ ਦੇ ਬਾਜ਼ਾਰਾਂ ’ਚ ਪੀਲੀ ਲਾਈਨ ਅੰਦਰ ਖੜ੍ਹੇ ਵਾਹਨਾਂ ਨੂੰ ਟੋਅ ਵੈਨਾਂ ਨਾਲ ਚੁੱਕ ਕੇ ਉਨ੍ਹਾਂ ਦੇ ਚਲਾਨ ਕੱਟਣ ਖ਼ਿਲਾਫ਼ ਸ਼ਹਿਰ ਵਾਸੀਆਂ ’ਚ ਰੋਸ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਸਮੁੱਚੀ ਲੀਡਰਸ਼ਿਪ ਨੇ ਨਗਰ ਨਿਗਮ ਕਮਿਸ਼ਨਰ ਦੇ ਨਾਂ ਕਾਰਜਕਾਰੀ ਇੰਜਨੀਅਰ ਰਾਜਿੰਦਰ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੇ ਕਿਹਾ ਕਿ ਪਾਰਕਿੰਗ ਆਮ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਸੀ ਪਰ ਸ਼ਹਿਰ ਵਾਸੀਆਂ ਦੇ ਚਲਾਨ ਕਰਨਾ ਵਾਜ਼ਬ ਨਹੀਂ ਹੈ। ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਨਗਰ ਨਿਗਮ ਕਮਿਸ਼ਨਰ ਅੱਗੇ ਪਾਰਕਿੰਗ ਦੇ ਨਾਂ ’ਤੇ ਹੋ ਰਹੀ ਲੁੱਟ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਮੰਗ ਰੱਖੀ। ਸ੍ਰੀ ਢਿੱਲੋਂ ਨੇ ਕਿਹਾ ਕਿ ਬਹੁਮੰਜ਼ਿਲਾ ਪਾਰਕਿੰਗ ਪਹਿਲਾਂ ਨਗਰ ਨਿਗਮ ਵੱਲੋਂ ਖ਼ੁਦ 6 ਮਹੀਨਿਆਂ ਲਈ ਟਰਾਇਲ ਦੇ ਆਧਾਰ ’ਤੇ ਸ਼ੁਰੂ ਕੀਤੀ ਜਾਂਦੀ ਹੈ, ਜਿਸ ਨਾਲ ਨਗਰ ਨਿਗਮ ਨੂੰ ਬਹੁਮੰਜ਼ਿਲਾ ਪਾਰਕਿੰਗ ਤੋਂ ਹੋਣ ਵਾਲੇ ਮਾਲੀਏ ਦੀ ਜਾਣਕਾਰੀ ਮਿਲਦੀ ਹੈ ਅਤੇ ਉਸ ਦੇ ਆਧਾਰ ’ਤੇ ਅੱਗੇ ਠੇਕਾ ਦਿੱਤਾ ਜਾਂਦਾ ਹੈ। ਅਕਾਲੀ ਦਲ ਦੇ ਵਰਕਰਾਂ ਨੇ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਹਾਊਸ ਦੀ ਮੀਟਿੰਗ ਬੁਲਾ ਕੇ ਇਸ ਲੁੱਟ ਨੂੰ ਰੋਕਣ ਲਈ ਜਲਦੀ ਤੋਂ ਜਲਦੀ ਏਜੰਡਾ ਪਾਸ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।