ਅਕਾਲੀ ਦਲ ਦਾ ਹਾਸ਼ੀਏ ’ਤੇ ਜਾਣਾ ਸ਼ੁਭ ਸੰਕੇਤ ਨਹੀਂ: ਰੰਧਾਵਾ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 15 ਨਵੰਬਰ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਸ਼ੀਏ ’ਤੇ ਜਾਣਾ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ। ਉਨ੍ਹਾਂ ‘ਆਪ’ ਨੂੰ ਪੰਜਾਬ ਤੇ ਦੇਸ਼ ਲਈ ਘਾਤਕ ਕਰਾਰ ਦਿੰਦਿਆਂ ਆਖਿਆ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ 19 ਨਵੰਬਰ ਤੱਕ ‘ਆਪ’ ਤੇ ਅਕਾਲੀ ਦਲ ਦੇ ਕਈ ਆਗੂ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਉੱਧਰ ਪਿੰਡ ਸ਼ਿਕਾਰ ਮਾਛੀਆਂ ’ਚ ‘ਆਪ’ ਨਾਲ ਜੁੜੇ 25 ਪਰਿਵਾਰ ਕਾਂਗਰਸ ’ਚ ਸ਼ਾਮਲ ਹੋ ਗਏ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਜੱਦੀ ਪਿੰਡ ਸ਼ਾਹਪੁਰ ਜਾਜਨ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਕਾਂਗਰਸ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਉਸ ਸਮੇਂ ਰਾਜਸੀ ਬਲ ਮਿਲਿਆ ਜਦੋਂ ‘ਆਪ’ ਦੇ ਯੂਥ ਵਿੰਗ ਦੇ ਜ਼ਿਲ੍ਹਾ ਸਕੱਤਰ ਅਤੇ ਫਤਹਿਗੜ੍ਹ ਚੂੜੀਆਂ ਦੇ ਬਲਾਕ ਮੁਖੀ ਜਸਕਰਨ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਐੱਮਪੀ ਰੰਧਾਵਾ ਨੇ ਉਨ੍ਹਾਂ ਤੇ ਸਾਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ‘ਆਪ’ ਪੰਜਾਬ ਦੇ ਲੋਕਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰੀ, ਇਸ ਕਾਰਨ ਤਿੰਨ ਸਾਲਾਂ ’ਚ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜਨ, ਮਿਲਕ ਪਲਾਂਟ ਗੁਰਦਾਸਪੁਰ ਦੇ ਉਪ ਚੇਅਰਮੈਨ ਤੇ ਜ਼ੋਨ ਇੰਚਾਰਜ ਡਾ. ਬਲਵਿੰਦਰ ਸਿੰਘ ਰੰਧਾਵਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਕਾਰ ਸਿੰਘ ਮੌਜੂਦ ਸਨ।