ਅਕਾਲੀ ਦਲ ਦਾ ਸੰਕਟ: ਮੋਗਾ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਆਗੂ ਇਕਜੁੱਟ
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਗਸਤ
ਪੰਜਾਬ ਦੀ ਸਿਆਸਤ ’ਤੇ ਲੰਬਾ ਸਮਾਂ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਸਿਆਸਤ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਮੁੜ ਪੈਰਾਂ-ਸਿਰ ਹੋਣ ਅਤੇ ਮੌਜੂਦਾ ਸੰਕਟ ਦਾ ਸਾਹਮਣਾ ਕਰਨ ਲਈ ਸੂਬੇ ਵਿਚ ਹਰ ਵਿਧਾਨ ਸਭਾ ਹਲਕੇ ਵਿਚ ਪਾਰਟੀ ਵਰਕਰ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਥੇ ਸਥਾਨਕ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਮੀਟਿੰਗ ਵਿਚ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਪੰਚਾਇਤੀ ਚੋਣਾਂ ਅਤੇ ਐੱਸਜੀਪੀਸੀ ਚੋਣਾਂ ਲਈ ਕਮਰਕੱਸੇ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ। ਇਸ ਮੌਕੇ ਪਾਰਟੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਐੱਸਜੀਪੀਸੀ ਮੈਂਬਰ ਤਰਸੇਮ ਸਿੰਘ ਰੱਤੀਆਂ ਅਤੇ ਸ਼ਹਿਰੀ ਵਿਧਾਨ ਸਭਾ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸਾਰੀਆਂ ਕੌਮੀ ਪਾਰਟੀਆਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਕਿਉਂਕਿ ਉਹ ਮਹਿਸੂਸ ਕਰਦੀਆਂ ਹਨ ਕਿ ਲੋਕ ਹਾਲੇ ਵੀ ਇਸ ਪਾਰਟੀ ’ਤੇ ਵਿਸਵਾਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰ ਰਹੀਆਂ ਹਨ ਕਿਵੇਂ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ ਤੇ ਦਿੱਲੀ ਕਮੇਟੀ ਨੂੰ ਅਕਾਲੀ ਦਲ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਦੇ ਦਿੱਤਾ ਗਿਆ। ਇਸ ਮੌਕੇ ਮੀਟਿੰਗ ਵਿਚ ਹਾਜ਼ਰ ਸਮੁੱਚੇ ਅਕਾਲੀ ਆਗੂਆਂ ਨੇ ਪਾਰਟੀ ਨੂੰ ਫੁਟ ਪਾ ਕੇ ਤੋੜਨ ਵਾਲੇ ਲੀਡਰਾਂ ਤੋਂ ਬਚਣ ’ਤੇ ਜ਼ੋਰ ਦਿੰਦੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਵਰਕਰਾਂ ਨੂੰ ਪੰਚਾਇਤੀ ਚੋਣਾਂ ਅਤੇ ਐੱਸਜੀਪੀਸੀ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦੇ ਆਖਿਆ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਪੰਜਾਬ ਦੇ ਹਿੰਤਾਂ ਤੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਅਕਾਲੀ ਦਲ ਕਦੇ ਵੀ ਪੰਥ ਅਤੇ ਪੰਜਾਬੀਆਂ ਤੋਂ ਬਾਹਰ ਨਹੀਂ ਗਿਆ ਤੇ ਇਸ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਨੂੰ ਹੀ ਪਹਿਲ ਦਿੱਤੀ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਭਰੋਸਾ ਪ੍ਰਗਟ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਹਮੇਸ਼ਾ ਹੀ ਹਰ ਵਿਅਕਤੀ, ਸਮਾਜ, ਵਰਗ, ਜਾਤ ਪਾਤ ਆਦਿ ਦਾ ਸਤਿਕਾਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹਰ ਵਰਕਰ, ਆਗੂ ਤੇ ਨੇਤਾ ਪਾਰਟੀ ਨਾਲ ਖੜ੍ਹਾ ਹੈ ਤੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਸਿਆਸਤ ਦੀਆਂ ਬਰੂਹਾਂ ਵਿਚੋਂ ਇਕ ਮੰਨੀ ਜਾਂਦੀ ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਪਹਿਲਾਂ ਵੀ ਪੰਜਾਬੀਆਂ ਦੇ ਪਿਆਰ ਸਦਕਾ ਇਕ ਮਜ਼ਬੂਤ ਪਾਰਟੀ ਹੈ ਅਤੇ ਅੱਗੇ ਵੀ ਮਜ਼ਬੂਤ ਰਹੇਗੀ। ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਪੁਰਖ ਨੂੰ ਅੱਗੇ ਰੱਖ ਕੇ ਹਰੇਕ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਅਗਵਾਈ ਲਈ ਆਪਣੇ ਕਦਮ ਖੁਸ਼ਹਾਲੀ ਤੇ ਤਰੱਕੀ ਲਈ ਵਧਾਉਂਦਾ ਰਹੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਡੱਲਾ ਤੇ ਰਾਜਵਿੰਦਰ ਸਿੰਘ ਧਰਮਕੋਟ ਵੀ ਹਾਜ਼ਰ ਸਨ।