For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦੀਆਂ ਲੁਧਿਆਣਾ ਵਿੱਚ ਸਰਗਰਮੀਆਂ ਘਟੀਆਂ

07:35 AM Feb 05, 2024 IST
ਅਕਾਲੀ ਦਲ ਦੀਆਂ ਲੁਧਿਆਣਾ ਵਿੱਚ ਸਰਗਰਮੀਆਂ ਘਟੀਆਂ
ਮਨਪ੍ਰੀਤ ਸਿੰਘ ਮੰਨਾ (ਪ੍ਰਧਾਨ ਯੂਥ ਵਿੰਗ ਲੁਧਿਆਣਾ ਸ਼ਹਿਰੀ)।
Advertisement

ਗੁਰਿੰਦਰ ਸਿੰਘ
ਲੁਧਿਆਣਾ, 4 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਿਲ੍ਹੇ ਵਿੱਚ ਸਰਗਰਮੀਆਂ ਨਾਂਹ ਦੇ ਬਰਾਬਰ ਹਨ ਜਿਸ ਕਾਰਨ ਅਕਾਲੀ ਵਰਕਰਾਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ੱਕ ਅਕਾਲੀ ਦਲ ਨੂੰ ਮੁੜ ਪੈਰਾਂ ਸਿਰ ਕਰਨ ਲਈ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਦਾ ਦਿਲ ਕਹੇ ਜਾਣ ਵਾਲੇ ਜ਼ਿਲ੍ਹਾ ਲੁਧਿਆਣਾ ਵਿੱਚ ਅਕਾਲੀ ਦਲ ਧੜਿਆਂ ਵਿੱਚ ਵੰਡਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਬੇੜੀ ਵੀ ਬਿਨਾਂ ਮਲਾਹ ਦੇ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਗਰਾਂ ਵੱਲੋਂ ਹਾਲੇ ਤੱਕ ਜ਼ਿਲ੍ਹਾ ਇਕਾਈਆਂ ਦਾ ਗਠਨ ਨਹੀਂ ਕੀਤਾ ਗਿਆ। ਸਾਬਕਾ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਵੱਲੋਂ ਬੇਸ਼ੱਕ ਦਿਨ ਰਾਤ ਇੱਕ ਕਰਕੇ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਪੂਰੀ ਵਾਹ ਲਗਾਈ ਗਈ ਸੀ ਅਤੇ ਉਹ ਇਸ ਵਿੱਚ ਸਫ਼ਲ ਵੀ ਹੋਏ ਸਨ ਪਰ ਝਿੰਜਰ ਵੱਲੋਂ ਉਨ੍ਹਾਂ ਨੂੰ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੋਂ ਬਾਅਦ ਜ਼ਿਲ੍ਹਾ ਇਕਾਈ ਦੀਆਂ ਸਰਗਰਮੀਆਂ ਵੀ ਲਗਪਗ ਠੱਪ ਹਨ।

Advertisement

ਬੀਬੀ ਜਗੀਰ ਕੌਰ ਦਾ ਖੇਮਾ ਮਜ਼ਬੂਤ ਹੋਇਆ

ਸੁਰਿੰਦਰ ਕੌਰ ਦਿਆਲ (ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ।

ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਦਿਆਲ ਵੱਲੋਂ ਅਕਾਲੀ ਦਲ ਨਾਲੋਂ ਵੱਖ ਹੋਈ ਬੀਬੀ ਜਗੀਰ ਕੌਰ ਨਾਲ ਰਲਣ ਕਰ ਕੇ ਇਸਤਰੀ ਅਕਾਲੀ ਦਲ ਦੀ ਹੌਂਦ ਵੀ ਹਨੇਰੇ ਵਿੱਚ ਹੈ। ਵੱਡੀ ਗਿਣਤੀ ਵਿੱਚ ਬੀਬੀਆਂ ਸੁਰਿੰਦਰ ਕੌਰ ਦਿਆਲ ਦੇ ਪ੍ਰਭਾਵ ਹੇਠ ਹੋਣ ਕਾਰਨ ਇਸਤਰੀ ਅਕਾਲੀ ਦਲ ਦੀਆਂ ਸਰਗਰਮੀਆਂ ਨਾਂਹ ਦੇ ਬਰਾਬਰ ਹਨ। ਬਾਕੀ ਜੋ ਬੀਬੀਆਂ ਰਹਿ ਵੀ ਗਈਆਂ ਹਨ ਉਨ੍ਹਾਂ ਨੂੰ ਸੰਭਾਲਣ ਲਈ ਮੋਹਰੀ ਆਗੂ ਦੀ ਘਾਟ ਹੈ। ਭਵਿੱਖ ਵਿੱਚ ਇਸ ਦਾ ਖਮਿਆਜ਼ਾ ਵੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ।

Advertisement

ਅਕਾਲੀ ਵਰਕਰ ਸ਼ਸ਼ੋਪੰਜ ’ਚ ਪਏ

ਭੁਪਿੰਦਰ ਸਿੰਘ ਭਿੰਦਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ)।

ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਰਭਜਨ ਸਿੰਘ ਦੀ ਮੌਤ ਤੋਂ ਬਾਅਦ 29 ਅਗਸਤ ਨੂੰ ਭੁਪਿੰਦਰ ਸਿੰਘ ਭਿੰਦਾ ਨੂੰ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਦਲ ਦੇ ਟਕਸਾਲੀ ਆਗੂਆਂ ਅਤੇ ਹੋਰ ਸੀਨੀਅਰ ਵਰਕਰਾਂ ਵੱਲੋਂ ਹੁੰਗਾਰਾ ਨਹੀਂ ਦਿੱਤਾ ਗਿਆ ਜਿਸ ਕਾਰਨ ਉਹ ਸਿਰਫ਼ ‘ਕਾਗਜ਼ੀ ਪ੍ਰਧਾਨ’ ਹੀ ਬਣ ਕੇ ਰਹਿ ਗਏ ਹਨ। ਉਨ੍ਹਾਂ ਵੱਲੋਂ ਹਾਲੇ ਤੱਕ ਜ਼ਿਲ੍ਹੇ ਦੀ ਇੱਕ ਵੀ ਅਜਿਹੀ ਮੀਟਿੰਗ ਨਹੀਂ ਬੁਲਾਈ ਗਈ ਜਿਸ ਵਿੱਚ ਸਾਰੇ ਧੜਿਆਂ ਦੇ ਆਗੂ ਸ਼ਾਮਿਲ ਹੋਏ ਹੋਣ। ਨਗਰ ਨਿਗਮ ਅਤੇ ਲੋਕ ਸਭਾ ਦੀਆਂ ਚੋਣਾਂ ਸਿਰ ’ਤੇ ਹੋਣ ਕਰਕੇ ਅਕਾਲੀ ਵਰਕਰ ਵੀ ਸ਼ਸ਼ੋਪੰਜ ਵਿੱਚ ਪਏ ਹੋਏ ਹਨ ਜਿਸ ਨਾਲ ਚੋਣਾਂ ਵਿੱਚ ਅਕਾਲੀ ਦਲ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੱਲੋਂ ਭਾਜਪਾ ’ਚ ਜਾਣ ਦੀ ਤਿਆਰੀ

ਯੂਥ ਅਕਾਲੀ ਦਲ ਦੇ ਇੱਕ ਸਾਬਕਾ ਪ੍ਰਧਾਨ ਵੱਲੋਂ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਲੁਧਿਆਣਾ ਅੰਦਰ ਸ਼੍ਰੋਮਣੀ ਅਕਾਲੀ ਦਲ ਮੁੜ ਪੈਰਾਂ ਸਿਰ ਖੜ੍ਹਾ ਹੋ ਕੇ ਪਹਿਲਾਂ ਵਾਲੀ ਸਥਿਤੀ ਵਿੱਚ ਆਵੇਗਾ ਜਾਂ ਨਹੀਂ ਇਸ ਬਾਰੇ ਹਾਲ ਦੀ ਘੜੀ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੈ ਕਿ ਦਲ ਦੀ ਲੀਡਰਸ਼ਿਪ ਨੂੰ ਖ਼ੁਦ ਇਸ ਅਤਿ ਮਹੱਤਵਪੂਰਨ ਜ਼ਿਲ੍ਹੇ ਵੱਲ ਧਿਆਨ ਦੇਣਾ ਪਵੇਗਾ ਅਤੇ ਅਕਾਲੀ ਦਲ ਦੀਆਂ ਸਰਗਰਮੀਆਂ ਚਲਾਉਣ ਲਈ ਸਾਰੇ ਆਗੂਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਨਾ ਹੋਵੇਗਾ।

Advertisement
Author Image

Advertisement