ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗਾ ਅਕਾਲੀ ਦਲ: ਸੁਖਬੀਰ ਬਾਦਲ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 6 ਫਰਵਰੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ‘ਪੰਜਾਬ ਬਚਾਓ ਯਾਤਰਾ’ ਅੱਜ ਹਲਕਾ ਜੰਡਿਆਲਾ ਗੁਰੂ ਪਹੁੰਚੀ। ਇਹ ਯਾਤਰਾ ਪਿੰਡ ਬਡਾਲਾ ਤੋਂ ਪਿੰਡ ਠੱਠੀਆਂ, ਜੰਡਿਆਲਾ ਗੁਰੂ ਅਤੇ ਟਾਂਗਰਾ ਤੱਕ ਕੱਢੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਪੰਜਾਬ ਵਾਸੀਆਂ ਨੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸੀ ਪਰ ਇਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ‘ਆਪ’ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤੇਗੀ। ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਹਲਕਾ ਇੰਚਾਰਜ ਜੰਡਿਆਲਾ ਗੁਰੂ ਸਤਿੰਦਰਜੀਤ ਸਿੰਘ ਛੱਜਲਵੱਡੀ ਆਦਿ ਮੌਜੂਦ ਸਨ।
ਰਈਆ (ਦਵਿੰਦਰ ਸਿੰਘ ਭੰਗੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਸਬਾ ਖਿਲਚੀਆਂ ਵਿੱਚ ਪਾਰਟੀ ਦੀ ‘ਪੰਜਾਬ ਬਚਾਓ ਯਾਤਰਾ’ ਦਾ ਪੁੱਜਣ ’ਤੇ ਅਕਾਲੀ ਕਾਰਕੁਨਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਵੀ ਮੌਜੂਦ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਪੰਜਾਬ ਬਚਾਓ ਯਾਤਰਾ’ ਦਾ ਮੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ। ਇਸ ਸਮੇਂ ਪੰਜਾਬ ਹਰੇਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ, ਜੇਕਰ ਇਸ ਨੂੰ ਹੁਣ ਨਾ ਬਚਾਇਆ ਗਿਆ ਤਾਂ ਆਉਣ ਵਾਲਾ ਸਮਾਂ ਔਖਾ ਹੋਵੇਗਾ। ਉਨ੍ਹਾਂ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਬੋਲੇ ਜਾ ਰਹੇ ਝੂਠ ਨੂੰ ਜਲਦ ਬੇਨਕਾਬ ਕੀਤਾ ਜਾਵੇਗਾ। ਅੱਜ ਇਹ ਪੰਜਾਬ ਬਚਾਓ ਰੈਲੀ ਵੱਡੀ ਗਿਣਤੀ ਵਿਚ ਸਕੂਟਰ, ਮੋਟਰਸਾਈਕਲਾਂ ਅਤੇ ਟਰੈਕਟਰਾਂ ਦੇ ਕਾਫ਼ਲੇ ਨਾਲ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਕਸਬਾ ਖਿਲਚੀਆਂ ਤੋਂ ਸ਼ੁਰੂ ਹੋ ਕਿ ਪਿੰਡ ਬਾਣੀਆ, ਧੂਲਕਾ, ਝਾੜੂ ਨੰਗਲ ਰੁਮਾਲਾ ਚੱਕ, ਕਾਲਕੇ, ਸੁਧਾਰ ਰਾਜਪੂਤਾਂ, ਵਡਾਲਾ ਕਲਾਂ ਅਤੇ ਖ਼ੁਰਦ ਹੁੰਦੀ ਹੋਈ ਬਾਬਾ ਬਕਾਲਾ ਸਾਹਿਬ ਬੱਸ ਸਟੈਂਡ ’ਤੇ ਪੁੱਜੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਖੁੱਲ੍ਹੀ ਗੱਡੀ ਉਪਰ ਬੈਠ ਕੇ ਪਾਰਟੀ ਵਰਕਰਾਂ ਦੀਆਂ ਸ਼ੁਭ-ਇੱਛਾਵਾਂ ਕਬੂਲ ਰਹੇ ਸਨ।