ਸਾਰੇ ਵਰਗਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਾ ਹੈ ਅਕਾਲੀ ਦਲ: ਝੂੰਦਾਂ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਅਪਰੈਲ
ਇੱਥੇ ਮਦੀਨਾ ਬਸਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ-ਇਕ ਅਜਿਹੀ ਪਾਰਟੀ ਹੈ, ਜਿਹੜੀ ਸਭ ਵਰਗਾਂ ਤੇ ਧਰਮਾਂ ਦਾ ਕੇਵਲ ਸਤਿਕਾਰ ਹੀ ਨਹੀਂ ਕਰਦੀ ਸਗੋਂ ਉਨ੍ਹਾਂ ਦੇ ਹਿੱਤਾਂ ਦੀ ਪਹਿਰੇਦਾਰੀ ਵੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੁਣ ਤੱਕ ਸਿਆਸੀ ਸਫ਼ਰ ਬੇਦਾਗ਼ ਹੈ। ਉਨ੍ਹਾਂ ਰਾਜਨੀਤੀ ਸੇਵਾ ਭਾਵਨਾ ਨਾਲ ਕੀਤੀ ਹੈ, ਨਾ ਕਿ ਰਾਜਨੀਤੀ ਨੂੰ ਵਪਾਰ ਬਣਾਇਆ ਹੈ। ਉਹ ਇਕ ਅਜਿਹੇ ਸਿਆਸਤਦਾਨ ਹਨ, ਜਿਨ੍ਹਾਂ ਨੇ 10 ਸਾਲ ਸੱਤਾ ਹੰਢਾਉਣ ਦੇ ਬਾਵਜੂਦ ਆਪਣੀ ਜਾਇਦਾਦ ਵੇਚੀ ਹੈ, ਵਧਾਈ ਨਹੀਂ।
ਸ੍ਰੀ ਝੂੰਦਾਂ ਨੇ ਕਿਹਾ ਕਿ ਜੇ ਮਾਲੇਰਕੋਟਲਾ ਦੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਮੁਸਲਿਮ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਅਤੇ ਮਸਲਿਆਂ ਨੂੰ ਲੋਕ ਸਭਾ ਵਿਚ ਉਠਾਉਣਗੇ। ਉਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਅਮਰਗੜ੍ਹ ਵਿਚ 25 ਹਜ਼ਾਰ ਤੋਂ ਜ਼ਿਆਦਾ ਮੁਸਲਿਮ ਵੋਟ ਹੈ, ਇਸ ਲਈ ਉਹ ਮੁਸਲਿਮ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਦੂਜੇ ਪਾਸੇ ਕਾਂਗਰਸੀ ਉਮੀਦਵਾਰ 200 ਕਿਲੋਮੀਟਰ ਤੋਂ ਇਥੇ ਆ ਕੇ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ। ਉਹ ਕਦੇ ਵੀ ਸੰਗਰੂਰ ਦੇ ਲੋਕਾਂ ਨਾਲ ਇਨਸਾਫ਼ ਨਹੀਂ ਕਰ ਸਕੇਗਾ।
ਸਮਾਗਮ ਨੂੰ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ, ਜ਼ਿਲ੍ਹਾ ਸ਼ਹਿਰੀ ਯੂਥ ਪ੍ਰਧਾਨ ਖ਼ਿਜਰ ਅਲੀ ਖ਼ਾਨ, ਮੁਹੰਮਦ ਜਮੀਲ ਕਾਨੂੰਗੋ ਨੇ ਵੀ ਸੰਬੋਧਨ ਕੀਤਾ।
ਅਕਾਲੀ ਉਮੀਦਵਾਰ ਝੂੰਦਾਂ ਵੱਲੋਂ ਚੋਣ ਮੀਟਿੰਗਾਂ ਅੱਜ
ਸ਼ੇਰਪੁਰ: ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਬਧੇਸ਼ਾ, ਗੁਰਬਖਸ਼ਪੁਰਾ, ਟਿੱਬਾ, ਬੜੀ, ਰਾਮਨਗਰ ਛੰਨਾ, ਭਗਵਾਨਪੁਰਾ, ਗੋਬਿੰਦਪੁਰਾ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਦਿੱਤੀ। -ਪੱਤਰ ਪ੍ਰੇਰਕ