ਅਕਾਲੀ ਦਲ ਦੀ ਭਰਤੀ ਦਾ ਮਸਲਾ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਲਈ ਵੱਖ-ਵੱਖ ਗਰੁੱਪਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਹੁਣ ਅਗਲੇ ਪੜਾਅ ਵਿੱਚ ਦਾਖ਼ਲ ਹੋ ਗਈ ਜਾਪਦੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੇ ਮੌਜੂਦਾ ਪੰਜ ਮੈਂਬਰਾਂ ਵੱਲੋਂ ਲੰਘੇ ਮੰਗਲਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵੀਂ ਭਰਤੀ 18 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਅਕਾਲੀ/ਪੰਥਕ ਰਾਜਨੀਤੀ ਵਿੱਚ ਨਵੀਂ ਹਿਲਜੁਲ ਦੇਖਣ ਨੂੰ ਮਿਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਕਾਬਿਜ਼ ਲੀਡਰਸ਼ਿਪ ਮੁੱਢ ਤੋਂ ਨਵੀਂ ਭਰਤੀ ਮੁਤੱਲਕ ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ਨੂੰ ਮੰਨਣ ਤੋਂ ਆਨਾਕਾਨੀ ਕਰਦੀ ਆ ਰਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਪਿਛਲੇ ਸਾਲ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਤੋਂ ਇਹ ਆਸ ਪੈਦਾ ਹੋਈ ਸੀ ਕਿ ਇਸ ਨਾਲ ਜਿੱਥੇ ਪੰਥਕ ਸੰਸਥਾਵਾਂ ਅਤੇ ਸਫ਼ਾਂ ਅੰਦਰ ਆਏ ਨਿਘਾਰ ਨੂੰ ਠੱਲ੍ਹ ਪਵੇਗੀ, ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਰਾਹ ਵੀ ਪੱਧਰਾ ਹੋ ਸਕੇਗਾ ਪਰ ਉੁਸ ਤੋਂ ਬਾਅਦ ਵੀ ਸਿੱਖ ਭਾਈਚਾਰੇ ਅੰਦਰ ਬਣੀ ਹੋਈ ਭੰਬਲਭੂਸੇ ਦੀ ਸਥਿਤੀ ਨਾ ਕੇਵਲ ਬਰਕਰਾਰ ਹੈ ਸਗੋਂ ਆਪਸੀ ਮਨ ਮੁਟਾਓ ਹੋਰ ਤਿੱਖੇ ਹੋ ਗਏ ਹਨ। ਉਸ ਤੋਂ ਬਾਅਦ ਇੱਕ ਤਖ਼ਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਇਆ ਜਾ ਚੁੱਕਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਹੈ। ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜ ਮੈਂਬਰੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦੇ ਹੱਕ ਉੱਪਰ ਕੰਤੂ ਕੀਤਾ ਹੈ ਅਤੇ ਨਾਲ ਹੀ ਇਹ ਆਖਿਆ ਹੈ ਕਿ ਪਾਰਟੀ ਦੀ ਭਰਤੀ ਕਰਨ ਦਾ ਹੱਕ ਉਸੇ ਧੜੇ ਕੋਲ ਹੈ ਜਿਸ ਦਾ ਪਾਰਟੀ ਦੇ ਮੁੱਖ ਦਫ਼ਤਰ ’ਤੇ ਕਬਜ਼ਾ ਹੈ। ਤਕਨੀਕੀ ਤੌਰ ’ਤੇ ਅਕਾਲੀ ਲੀਡਰਸ਼ਿਪ ਦਾ ਇਹ ਕਹਿਣਾ ਸਹੀ ਹੋ ਸਕਦਾ ਹੈ ਪਰ ਹਾਲੇ ਤੱਕ ਇਹ ਨਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਆਪਣਾ ਨੁਕਤਾ ਸਮਝਾ ਸਕੀ ਹੈ ਅਤੇ ਨਾ ਹੀ ਵਡੇਰੇ ਰੂਪ ਵਿੱਚ ਸਿੱਖ ਸੰਗਤ ਨੂੰ ਇਹ ਦਰਸਾ ਸਕੀ ਹੈ ਕਿ ਉਸ ਦਾ ਇਹ ਸਿਆਸੀ ਪੈਂਤੜਾ ਸਿੱਖ ਭਾਈਚਾਰੇ ਅਤੇ ਪੰਜਾਬ ਲਈ ਕਿਉਂ ਤੇ ਕਿਵੇਂ ਜ਼ਰੂਰੀ ਹੈ। ਦੂਜੇ ਬੰਨੇ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਬੈਨਰ ਹੇਠ ਇਕਜੁੱਟ ਹੋਏ ਬਾਗ਼ੀ ਆਗੂਆਂ ਲਈ ਹੁਣ ਆਪਣਾ ਅਗਲਾ ਸਿਆਸੀ ਕਦਮ ਪੁੱਟਣ ਲਈ ਰਾਹ ਸਾਫ਼ ਹੋ ਸਕਦਾ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਸ਼ੁਰੂ ਕਰਨ ਲਈ ਹਰੀ ਝੰਡੀ ਦਿਖਾਉਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਜਨਤਕ ਪਿੜ ਵਿੱਚ ਚਲਿਆ ਜਾਵੇਗਾ ਅਤੇ ਆਸਾਰ ਇਸ ਗੱਲ ਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ’ਤੇ ਇਸ ਸਮੇਂ ਕਾਬਜ਼ ਧੜੇ ਖ਼ਿਲਾਫ਼ ਵੱਖ-ਵੱਖ ਅਕਾਲੀ ਅਤੇ ਪੰਥਕ ਗਰੁੱਪ ਇਸ ਕਾਰਜ ਲਈ ਗੋਲਬੰਦ ਅਤੇ ਲਾਮਬੰਦ ਹੋ ਸਕਦੇ ਹਨ ਅਤੇ ਉਸ ਤੋਂ ਬਾਅਦ ਪੰਥਕ ਜਮਾਤ ਵਜੋਂ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਸਥਾਪਿਤ ਕਰਨ ਦੀ ਇੱਕ ਹੋਰ ਜੱਦੋਜਹਿਦ ਵੀ ਦੇਖਣ ਨੂੰ ਮਿਲ ਸਕਦੀ ਹੈ।