ਅਕਾਲੀ ਦਲ ਨੇ ਈਵੀਐੱਮ ਦੇ ਅੰਕੜਿਆਂ ’ਚ ਹੇਰ-ਫੇਰ ’ਤੇ ਸਵਾਲ ਚੁੱਕੇ
ਆਤਿਸ਼ ਗੁਪਤਾ
ਚੰਡੀਗੜ੍ਹ, 17 ਜੂਨ
ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਈਵੀਐੱਮ ਦੇ ਅੰਕੜਿਆਂ ਵਿੱਚ ਹੇਰ -ਫੇਰ ਹੋਣ ’ਤੇ ਸਵਾਲ ਚੁੱਕੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਦੇਸ਼ ਵਿੱਚ 542 ਲੋਕ ਸਭਾ ਹਲਕਿਆਂ ਵਿੱਚ ਚੋਣਾਂ ਹੋਈਆਂ ਸਨ ਜਿਸ ’ਚੋਂ 539 ਹਲਕਿਆਂ ਵਿੱਚ ਈਵੀਐੱਮ ਦੇ ਅੰਕੜਿਆਂ ਵਿੱਚ ਭਾਰੀ ਫਰਕ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਸਿਰਫ਼ ਲਕਸ਼ਦੀਪ, ਦਮਨ ਅਤੇ ਦਿਊ ਤੇ ਅਮਰੇਲੀ (ਗੁਜਰਾਤ) ਹੀ ਅਜਿਹੇ ਹਲਕੇ ਹਨ ਜਿਥੇ ਇਹ ਫਰਕ ਸਾਹਮਣੇ ਨਹੀਂ ਆਇਆ।
ਸੁਖਬੀਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ ਤੇ ਅੰਤਿਮ ਅੰਕੜਿਆਂ ਵਿੱਚ 12 ਫੀਸਦ ਦਾ ਫਰਕ ਹੈ ਜੋ ਜੇਤੂ ਤੇ ਹਾਰਨ ਵਾਲੇ ਉਮੀਦਵਾਰਾਂ ਵਿੱਚ ਜਿੱਤ ਹਾਰ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਫਰਕ ਰਿਹਾ, ਓਨੀਆਂ ਹੀ ਭਾਜਪਾ ਦੀਆਂ ਸੀਟਾਂ ਵੱਧ ਆਈਆਂ। ਉੜੀਸਾ ਵਿੱਚ ਪਹਿਲੇ ਤੇ ਅੰਤਿਮ ਅੰਕੜਿਆਂ ਵਿੱਚ ਫਰਕ 12.54 ਫੀਸਦੀ ਹੈ। ਉੱਥੇ ਭਾਜਪਾ ਨੂੰ 21 ’ਚੋਂ 20 ਸੀਟਾਂ ਮਿਲੀਆਂ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ 12.54 ਫ਼ੀਸਦ ਦਾ ਫਰਕ ਹੈ ਜਿੱਥੇ ਐੱਨਡੀਏ ਨੂੰ 25 ’ਚੋਂ 21 ਸੀਟਾਂ ਮਿਲੀਆਂ ਹਨ ਅਤੇ ਆਸਾਮ ’ਚ ਐੱਨਡੀਏ ਨੂੰ 14 ਵਿੱਚੋਂ 11 ਸੀਟਾਂ ਮਿਲੀਆਂ। ਉੱਥੇ ਫਰਕ 9.50 ਫੀਸਦ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਪਹਿਲਾਂ ਅਤੇ ਬਾਅਦ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਵਿੱਚ 6.94 ਫੀਸਦੀ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਭਾਜਪਾ ਦਾ ਵੋਟ ਸ਼ੇਅਰ ਵਧ ਕੇ 18.56 ਫੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਅਸਲ ਅੰਕੜੇ ਪੰਜ ਤੋਂ ਛੇ ਦਿਨਾਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ ਤਾਂ 48 ਘੰਟਿਆਂ ਵਿੱਚ ਨਤੀਜੇ ਕਿਵੇਂ ਐਲਾਨ ਦਿੱਤੇ ਗਏ। ਉਨ੍ਹਾਂ ਕਿਹਾ ਕਿ ਈਵੀਐੱਮ ਦੇ ਅੰਕੜਿਆਂ ਵਿੱਚ ਫਰਕ ਨਿਕਲਣਾ ਦੇਸ਼ ’ਚ ਲੋਕਤੰਤਰ ਲਈ ਸਭ ਤੋਂ ਗੰਭੀਰ ਤੇ ਵੱਡਾ ਖ਼ਤਰਾ ਹੈ। ਇਸ ਦੀ ਵੱਡੇ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ।