ਮੁਹਾਲੀ ਨਿਗਮ ਵਿੱਚ ਕੌਂਸਲਾਂ ਦੇ ਰਲੇਵੇਂ ਦਾ ਅਕਾਲੀ ਦਲ ਵੱਲੋਂ ਵਿਰੋਧ
ਦਵਿੰਦਰ ਪਾਲ
ਚੰਡੀਗਡ਼੍ਹ, 1 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ੀਰਕਪੁਰ ਤੇ ਖਰਡ਼ ਨਗਰ ਕੌਂਸਲਾਂ ਨੂੰ ਮੁਹਾਲੀ ਨਗਰ ਨਿਗਮ ਵਿੱਚ ਰਲਾਉਣ ਦਾ ਵਿਰੋਧ ਕਰਦਿਆਂ ਇਸ ਫ਼ੈਸਲੇ ਨੂੰ ਇਨ੍ਹਾਂ ਸ਼ਹਿਰਾਂ ਦੀਆਂ ਕੀਮਤੀ ਜ਼ਮੀਨਾਂ ਤੇ ਵਿੱਤੀ ਸਰੋਤਾਂ ’ਤੇ ਕਬਜ਼ਾ ਕਰਨ ਦੀ ਚਾਲ ਕਰਾਰ ਦਿੱਤਾ ਹੈ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖਰਡ਼ ਨਗਰ ਕੌਂਸਲ ਕੋਲ 750 ਏਕਡ਼ ਜ਼ਮੀਨ ਹੈ ਜਦੋਂ ਕਿ ਜ਼ੀਰਕਪੁਰ ਨਗਰ ਕੌਂਸਲ ਕੋਲ 250 ਏਕਡ਼ ਜ਼ਮੀਨ ਹੈ ਅਤੇ ਦੋਵੇਂ ਨਗਰ ਕੌਂਸਲਾਂ ਕੋਲ ਸੈਂਕਡ਼ੇ ਕਰੋਡ਼ ਰੁਪਏ ਦੇ ਵਿੱਤੀ ਸਰੋਤ ਹਨ। ‘ਆਪ’ ਕੋਲ ਨਗਰ ਕੌਂਸਲਾਂ ਦਾ ਕਬਜ਼ਾ ਨਹੀਂ ਹੈ, ਇਸ ਵਾਸਤੇ ਇਹ ਦੋਹਾਂ ਕੌਂਸਲਾਂ ਨੂੰ ਭੰਗ ਕਰ ਕੇ ਇਨ੍ਹਾਂ ਦਾ ਮੁਹਾਲੀ ਨਗਰ ਨਿਗਮ ਵਿੱਚ ਰਲੇਵਾਂ ਕਰਨਾ ਚਾਹੁੰਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਕਰ ਕੇ ਉਹ ਦੋਹਾਂ ਨਗਰ ਕੌਂਸਲਾਂ ਦੀ ਜ਼ਮੀਨ ਦਾ ਲਾਹਾ ਲੈਣਾ ਚਾਹੁੰਦੀ ਹੈ ਤੇ ਇਹ ਗਮਾਡਾ ਹਵਾਲੇ ਕਰ ਕੇ ਇਨ੍ਹਾਂ ਨੂੰ ਆਪ ਦੇ ਪ੍ਰਾਜੈਕਟਾਂ ਲਈ ਦੇ ਕੇ ਵਿੱਤੀ ਲਾਹਾ ਖੱਟਣਾ ਚਾਹੁੰਦੀ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਇਸ ਕਦਮ ਦਾ ਜ਼ੋਰਦਾਰ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਆਮ ਸਾਧਾਰਨ ਲੋਕ ਸਰਕਾਰ ਦੇ ਇਸ ਕਦਮ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਖਰਡ਼ ਤੇ ਜ਼ੀਰਕਪੁਰ ਨਗਰ ਕੌਂਸਲਾਂ ਦਾ ਮੁਹਾਲੀ ਨਗਰ ਨਿਗਮ ਵਿਚ ਰਲੇਵਾਂ ਕਰਨ ਦੀ ਬਜਾਏ ਸਰਕਾਰ ਨੂੰ ਪਹਿਲਾਂ ਨਿਗਮ ਵਿਚੋਂ ਬਾਹਰ ਰਹਿ ਗਏ ਇਲਾਕਿਆਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮੌਕੇ ਰਣਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਸੋਹਾਣਾ, ਮੁਹਾਲੀ ਦਿਹਾਤੀ ਦੇ ਪ੍ਰਧਾਨ ਚਰਨਜੀਤ ਕਾਲੇਵਾਲ, ਮੁਹਾਲੀ ਸ਼ਹਿਰੀ ਪ੍ਰਧਾਨ ਕਮਲਦੀਪ ਸਿੰਘ ਰੂਬੀ ਤੇ ਖਰਡ਼ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਆਦਿ ਆਗੂ ਹਾਜ਼ਰ ਸਨ।