ਅਕਾਲੀ ਦਲ ਦੇ ਆਗੂਆਂ ਨੂੰ ਹਾਲੇ ਵੀ ਭਾਜਪਾ ਨਾਲ ਗੱਠਜੋੜ ਦੀ ਆਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਾਰਚ
ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਹੋਣ ਤੋਂ ਬਾਅਦ ਬੇਸ਼ੱਕ ਭਾਜਪਾ ਨੇ ਆਪਣੇ ਅੱਧੀ ਦਰਜਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਆਪਣੀ ਚੋਣ ਮੁਹਿੰਮ ਸ਼ੁਰੂ ਨਹੀਂ ਕੀਤੀ ਕਿਉਂਕਿ ਕਈ ਆਗੂਆਂ ਨੂੰ ਹਾਲੇ ਵੀ ਗੱਠਜੋੜ ਹੋਣ ਦੀ ਆਸ ਹੈ। ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਨੇ ਅੰਦਰ ਖਾਤੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਪਾਰਟੀ ਵੱਲੋਂ ਬੂਥ ਪੱਧਰ ਤੇ ਕਮੇਟੀਆਂ ਕਾਇਮ ਕਰ ਕੇ ਸੀਨੀਅਰ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਕੁੱਝ ਆਗੂ ਹਾਲੇ ਵੀ ਭਾਜਪਾ ਨਾਲ ਸਮਝੌਤਾ ਹੋਣ ਦੀ ਆਸ ਵਿੱਚ ਹਨ ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਜੇ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜਨਗੀਆਂ ਤਾਂ ਉਨ੍ਹਾਂ ਦੇ ਪੱਲੇ ਹਾਰ ਤੋਂ ਇਲਾਵਾ ਕੁੱਝ ਨਹੀਂ ਪੈਣਾ। ਹੁਣ ਜਦੋਂ ਦੋਵਾਂ ਪਾਰਟੀਆਂ ਦੇ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਜਨਤਕ ਤੌਰ ’ਤੇ ਵੱਖ ਵੱਖ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਤਾਂ ਇਸ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਕੋਈ ਵੀ ਸਰਗਰਮੀ ਸ਼ੁਰੂ ਨਹੀਂ ਕੀਤੀ। ਦੂਜੇ ਪਾਸੇ, ਭਾਜਪਾ ਨੇ ਉਨ੍ਹਾਂ ਛੇ ਸੀਟਾਂ ’ਤੇ ਹੀ ਆਪਣੇ ਉਮੀਦਵਾਰ ਐਲਾਨੇ ਹਨ ਜੋ ਉਹ ਅਕਾਲੀ ਦਲ ਨਾਲ ਗੱਠਜੋੜ ਦੀ ਸੂਰਤ ’ਚ ਮੰਗ ਰਹੇ ਹਨ।
ਦੂਜੇ ਪਾਸੇ ਭਾਜਪਾ ਵੱਲੋਂ ਵੱਡੇ ਪੱਧਰ ’ਤੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਇਸ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਭਾਜਪਾ ਆਗੂ ਠੰਢੇ ਹੋ ਕੇ ਬੈਠ ਗਏ ਹਨ ਜਦੋਂਕਿ ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਬਰਾੜ, ਸਾਬਕਾ ਆਈਏਐਸ ਸਰਵਣ ਸਿੰਘ ਚੰਨੀ, ਸੁਖਮਿੰਦਰ ਪਾਲ ਸਿੰਘ ਗਰੇਵਾਲ ਤੇ ਅਨਿਲ ਸਰੀਨ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਸਨ।
ਇਸ ਦੌਰਾਨ ਇੱਕ ਸੀਨੀਅਰ ਅਕਾਲੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਭਾਜਪਾ ਅਤੇ ਅਕਾਲੀ ਦਲ ਜੇ ਇਕੱਲੇ-ਇਕੱਲੇ ਚੋਣ ਲੜਨਗੇ ਤਾਂ ਦੋਵਾਂ ਪਾਰਟੀਆਂ ਪੱਲੇ ਕੁੱਝ ਨਹੀਂ ਪੈਣਾ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਸਥਿਤੀ ਸਪਸ਼ਟ ਹੋਣ ਤੋਂ ਬਾਅਦ ਹੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ।
ਪਾਰਟੀ ਅੰਦਰਲਾ ਵਿਰੋਧ ਬਣਿਆ ਖ਼ਤਰੇ ਦੀ ਘੰਟੀ
ਸ਼੍ਰੋਮਣੀ ਅਕਾਲੀ ਦਲ ਨੂੰ ਇਕੱਲੇ ਚੋਣ ਲੜਣ ਦੀ ਸੂਰਤ ਵਿੱਚ ਸਖ਼ਤ ਮਿਹਨਤ ਕਰਨੀਂ ਪਾਵੇਗੀ ਕਿਉਂਕਿ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨਾਲ ਟਕਸਾਲੀ ਅਕਾਲੀ ਆਗੂ ਤਾਂ ਪਹਿਲਾਂ ਹੀ ਨਾਰਾਜ਼ ਚੱਲ ਰਹੇ ਹਨ ਜਦਕਿ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਐਲਾਨੀ ਜ਼ਿਲ੍ਹਾ ਕਮੇਟੀ ਵਿੱਚ ਸਰਗਰਮ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਨਾਲ ਹੋ ਰਹੀ ਵਿਰੋਧਤਾ ਵੀ ਪਾਰਟੀ ਲਈ ਖ਼ਤਰੇ ਦੀ ਘੰਟੀ ਹੈ।